ਹੈਦਰਾਬਾਦ ਡੈਸਕ :ਅੱਜ ਯਾਨੀ 7 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਅੱਜ ਇਸ ਸਬੰਧੀ ਚੰਡੀਗੜ੍ਹ ਵਿੱਚ ਇੱਕ ਕੱਲਬ 'ਚ ਪਾਰਟੀ ਰੱਖੀ ਗਈ ਹੈ। ਇਸ ਪਾਰਟੀ ਵਿੱਚ ਕਈ ਸਿਆਸੀ ਚਿਹਰੇ ਤੇ ਸੈਲੀਬ੍ਰੇਟੀ ਸ਼ਾਮਲ ਹੋਣਗੇ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਹੈ।
ਸੀਐਮ ਮਾਨ ਨੇ ਫੋਟੋ ਕੀਤੀ ਸਾਂਝੀ :ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਫੋਟੋ ਸਾਂਝੀ ਕਰਦੇ ਹੋਏ ਪਤਨੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਉਨ੍ਹਾਂ ਪਿਆਰ ਭਰੀਆਂ ਲਾਈਨਾਂ ਨਾਲ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ।
ਇੱਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ… ਸਾਡੀ ਫ਼ੋਟੋ ਦੇਖਕੇ ਲੋਕ ਕਹਿਣ ਦੋਵਾਂ ਦੀ ਕਿਸਮਤ ਚੰਗੀ ਐ… Happy marriage anniversary to Dr Gurpreet Kaur Mann - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਆਪ ਲੀਡਰਸ਼ਿਪ ਸਣੇ ਕਈ ਹੋਰ ਲੋਕ ਵੀ ਹੋਣਗੇ ਸ਼ਾਮਲ: 'ਆਪ' ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ, ਨੇਤਾ ਸੰਜੇ ਸਿੰਘ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਹੋਰ ਵੀ ਹਾਜ਼ਰ ਹੋ ਸਕਦੇ ਹਨ। ਚੰਡੀਗੜ੍ਹ ਕਲੱਬ ਵਿਖੇ ਗੀਤ-ਸੰਗੀਤ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਪੂਰੇ ਮਾਨ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਤਾਅਨੇ ਮਾਰੇ ਹਨ।
ਉਨ੍ਹਾਂ ਦਾ ਵਿਆਹ ਸਾਦੇ ਸਮਾਗਮ 'ਚ ਹੋਇਆ, ਜਿਸ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿਰਫ਼ ਆਪਣੇ ਜੱਦੀ ਪਿੰਡ ਸਤੋਜ ਵਿੱਚ ਆਪਣੇ ਵਿਆਹ ਬਾਰੇ ਗੱਲ ਕੀਤੀ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਵਿਆਹ ਦੀਆਂ ਰਸਮਾਂ ਨੂੰ ਸਾਦਾ ਰੱਖਣ ਦੀ ਸਲਾਹ ਦਿੱਤੀ।
ਪਰਿਵਾਰ ਵਿੱਚ 3 ਭੈਣਾਂ ਵਿੱਚੋਂ ਗੁਰਪ੍ਰੀਤ ਸਭ ਤੋਂ ਛੋਟੀ :ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿੱਚ ਹੋਇਆ ਹੈ, ਜਦਕਿ ਦੂਜੀ ਭੈਣ ਜੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ 'ਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਸ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ।
ਰਾਜਨੀਤੀ ਕਾਰਨ ਪਹਿਲੀ ਪਤਨੀ ਤੋਂ ਤਲਾਕ:ਸੀ.ਐਮ. ਮਾਨ ਦੇ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਰਿਸ਼ਤੇ ਸਿਆਸਤ ਕਾਰਨ ਵਿਗੜ ਗਏ। 2014 ਵਿੱਚ ਉਨ੍ਹਾਂ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਫਿਰ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਚੋਣ ਪ੍ਰਚਾਰ ਕੀਤਾ। ਹਾਲਾਂਕਿ, ਉਸ ਤੋਂ ਅਗਲੇ ਸਾਲ ਹੀ ਰਿਸ਼ਤਾ ਵਿਗੜਨਾ ਸ਼ੁਰੂ ਹੋ ਗਿਆ। ਸੀਐਮ ਮਾਨ ਨੇ ਕਿਹਾ ਕਿ ਉਹ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ। ਪਰਿਵਾਰ ਅਤੇ ਪੰਜਾਬ ਦੇ ਵਿਚਕਾਰ ਉਨ੍ਹਾਂ ਨੇ ਪੰਜਾਬ ਨੂੰ ਚੁਣਿਆ, ਜਿਸ ਤੋਂ ਬਾਅਦ 2015 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਪਤਨੀ, ਅਪਣੇ ਪੁੱਤਰ-ਧੀ ਨਾਲ ਅਮਰੀਕਾ ਚਲੀ ਗਈ ਸੀ।