ਚੰਡੀਗੜ੍ਹ: ਬਿਜਲੀ ਮੰਤਰਾਲਾ ਸਿੱਧੂ ਨੂੰ ਦਿੱਤੇ ਜਾਣ ਤੋਂ ਡੇਢ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀਆਂ ਦੇ ਸੂਬੇ ਦੀ ਫ਼ੇਰਬਦਲ ਕੀਤੀ ਗਈ ਹੈ, ਉਸ ਤੋਂ ਬਾਅਦ ਸੂਬਾ ਬਿਜਲੀ ਮਹਿਕਮਾ ਮੰਤਰੀ ਤੋਂ ਬਿਨਾਂ ਹੀ ਕੰਮ ਕਰ ਰਿਹਾ ਹੈ। ਨਵੀਂ ਫ਼ੇਰਬਦਲ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ ਪਰ ਇਸ ਦੇ ਬਾਅਦ ਵੀ ਉਨ੍ਹਾਂ ਆਪਣਾ ਅਹੁਦਾ ਨਹੀਂ ਸੰਭਾਲਿਆ। ਜਿਸ ਕਾਰਨ ਸਰਕਾਰ ਨੂੰ ਵਿਰੋਧੀ ਆਪਣੇ ਨਿਸ਼ਾਨੇ 'ਤੇ ਵੀ ਲੈ ਰਹੇ ਹਨ।
ਸਿੱਧੂ ਦੀ ਗ਼ੈਰ-ਮੌਜੂਦਗੀ, ਕੈਪਟਨ ਨੇ ਜਾਰੀ ਕੀਤੇ ਆਦੇਸ਼ - meeting
ਬੁੱਧਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ। ਕੈਪਟਨ ਨੇ ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ।
ਬੁੱਧਵਾਰ ਨੂੰ ਕੈਪਟਨ ਵੱਲੋਂ ਬਿਜਲੀ ਅਧਿਕਾਰੀਆਂ ਦੀ ਬੁਲਾਈ ਐਮਰਜੈਂਸੀ ਬੈਠਕ ਦੌਰਾਨ ਉਨ੍ਹਾਂ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਬਿਜਲੀ ਚੋਰੀ 'ਤੇ ਨੱਥ ਪਾਉਣ ਦੇ ਵੀ ਹੁਕਮ ਦਿੱਤੇ ਤਾਂ ਜੋ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਘਾਟੇ ਨੂੰ ਘੱਟ ਕੀਤਾ ਜਾ ਸਕੇ। ਕੈਪਟਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।
ਕੈਪਟਨ ਨੇ ਇਹ ਮੀਟਿੰਗ ਸਿੱਧੂ ਦੀ ਗ਼ੈਰ-ਮੌਜੂਦਗੀ 'ਚ ਕੀਤੀ। ਵਿਰੋਧੀ ਪਾਰਟੀਆਂ ਸਿੱਧੂ ਦੀ ਗ਼ੈਰ-ਮੌਜੂਦਗੀ ਨੂੰ ਕੈਪਟਨ-ਸਿੱਧੂ ਵਿਵਾਦ ਦੇ ਤੌਰ 'ਤੇ ਦੇਖ ਰਹੀਆਂ ਹਨ। ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਕੈਪਟਨ ਦੇ ਮੋਰਚਾ ਸਾਂਭਣ ਤੋਂ ਬਾਅਦ ਵੀ ਸਿੱਧੂ ਆਪਣੇ ਮਹਿਕਮੇ ਤੋਂ ਨਦਾਰਦ ਰਹਿੰਦੇ ਹਨ ਜਾਂ ਫ਼ੇਰ ਉਹ ਆਪਣੇ ਨਵੇਂ ਮਹਿਕਮੇ 'ਚ ਵਾਪਸੀ ਕਰਨਗੇ।