ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ 'ਤੇ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਬੇਅਦਬੀ ਮਾਮਲੇ ਨੂੰ ਬੰਦ ਕਰਨ ਵਿੱਚ ਕਾਹਲੀ ਵਰਤੀ ਹੈ। ਕੈਪਟਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਸਾਹਮਣੇ ਨਹੀਂ ਆਏ ਤਾਂ ਸੂਬੇ ਦੇ ਹਾਲਾਤ ਵਿਗੜ ਸਕਦੇ ਹਨ। ਕੈਪਟਨ ਦਾ ਇਹ ਬਿਆਨ ਸੀਬੀਆਈ ਦੀ ਕਲੋਜ਼ਰ ਰਿਪੋਰਟ ਸਰਕਾਰ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਇਆ ਹੈ।
ਬੇਅਦਬੀ ਦੀ ਜਾਂਚ ਬੰਦ ਕਰਨ 'ਤੇ ਕੈਪਟਨ ਦਾ CBI 'ਤੇ ਹਮਲਾ - ਕੈਪਟਨ ਅਮਰਿੰਦਰ ਸਿੰਘ
ਸੀਬੀਆਈ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਬੰਦ ਕਰਨ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਹਮਲਾ ਬੋਲਿਆ ਹੈ। ਉਨ੍ਹਾਂ ਇਸ ਕੇਸ ਦੀ ਮੁੜ ਤੋਂ ਜਾਂਚ ਕਰਨ ਨੂੰ ਕਿਹਾ ਹੈ। ਕੈਪਟਨ ਨੇ ਕਿਹਾ ਕਿ ਸੀਬੀਆਈ ਨੇ ਇਸ ਕੇਸ ਨੂੰ ਲੈ ਕੇ ਜਲਦਬਾਜ਼ੀ ਕੀਤੀ ਹੈ।
ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੂੰ ਬੇਅਦਬੀ ਕੇਸਾਂ ਸਬੰਧੀ ਅਦਾਲਤ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਤੁਰੰਤ ਵਾਪਸ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸੀਬੀਆਈ ਨੂੰ ਕੇਸਾਂ ਦੀ ਜਾਂਚ ਮੁੜ ਤੋਂ ਸ਼ੁਰੂ ਕਰਦਿਆਂ ਹਰ ਪੱਖ ਦੀ ਢੂੰਘਾਈ ਨਾਲ ਜਾਂਚ ਕਰਨੀ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਨੇ ਮੌਜੂਦਾ ਜਾਂਚ ਦੌਰਾਨ ਨਾ ਸਿਰਫ ਕੇਸ ਦੇ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ ਬਲਕਿ, ਦੇਸ਼ ਦੀ ਸਿਰਮੌਰ ਏਜੰਸੀ ਅਸਲ ਅਪਰਾਧੀਆਂ ਨੂੰ ਵੀ ਸਾਹਮਣੇ ਲਿਆਉਣ ਵਿੱਚ ਅਸਫ਼ਲ ਰਹੀ ਹੈ।
ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਕੇਸ ਸਬੰਧੀ ਵਿੱਤੀ ਲੈਣ-ਦੇਣ, ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨਾਲ ਇਨ੍ਹਾਂ ਮਾਮਲਿਆਂ ਦੇ ਸਬੰਧ ਜਿਹੇ ਕਈ ਪੱਖ ਤੋਂ ਸੀਬੀਆਈ ਨੇ ਜਾਂਚ ਹੀ ਨਹੀਂ ਕੀਤੀ।