ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਨੂੰ ਲੈ ਕੇ ਸਿਆਸਤ ਕਾਫ਼ੀ ਭਖੀ ਹੋਈ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ 'ਚ ਹੋਈ ਆਪਣੀ ਹਾਰ ਨੂੰ ਕਾਰਨ ਦੱਸਦਿਆਂ ਨੈਤਿਕਤਾ ਦੇ ਆਧਾਰ 'ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।
ਜਾਖੜ ਦੇ ਅਸਤੀਫ਼ੇ ਨੂੰ ਬੀਜੇਪੀ ਆਗੂ ਤਰੁਣ ਚੁੱਘ ਨੇ ਫ਼ਿਲਮੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜਦ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਸਤੀਫ਼ੇ ਨੂੰ ਨਹੀਂ ਸਵੀਕਾਰ ਕੀਤਾ ਗਿਆ ਤਾਂ ਜਾਖੜ ਦਾ ਅਸਤੀਫ਼ਾ ਕਿਥੋਂ ਸਵੀਕਾਰ ਹੋ ਜਾਵੇਗਾ।
ਅਸਤੀਫ਼ੇ ਦੀ ਪੇਸ਼ਕਸ਼ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਜਾਖੜ। ਇਸ ਤੋਂ ਇਲਾਵਾ ਚੁੱਘ ਨੇ ਕਿਹਾ ਕਿ ਜੇ ਅਸਤੀਫ਼ਾ ਦੇਣਾ ਹੀ ਹੈ ਤਾਂ ਕੈਪਟਨ ਆਪ ਖ਼ੁਦ ਅਸਤੀਫ਼ਾ ਦੇਣ ਕਿਉਂਕਿ ਉਨ੍ਹਾਂ ਕਿਹਾ ਸੀ ਕਿ ਜੇ 13 ਵਿੱਚੋਂ 1 ਵੀ ਸੀਟ ਘੱਟ ਆਈ ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ ਅਤੇ ਹੁਣ ਜਦਕਿ ਕਾਂਗਰਸ ਨੂੰ ਸੂਬੇ ਵਿੱਚ 13 'ਚੋ 5 ਸੀਟਾਂ ਹੀ ਮਿਲੀਆਂ ਹਨ।
ਦੂਜੇ ਪਾਸੇ ਜਾਖੜ ਦੇ ਅਸਤੀਫ਼ੇ ਨੂੰ ਲੈ ਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਾਖੜ ਦੀ ਹਾਰ ਦਾ ਮੁੱਖ ਕਾਰਨ ਇਹੀ ਹੈ ਕਿ ਕਾਂਗਰਸ ਨੇ ਚੋਣ ਮੈਨੀਫ਼ੈਸਟੋ 'ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਸਿਰਫ਼ ਸਿਆਸਤ ਹੀ ਕੀਤੀ ਹੈ।