ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਤੋਂ ਨਜਿੱਠਣ ਲਈ ਚੁੱਕੇ ਗਏ ਹੰਗਾਮੀ ਕਦਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ, ਪੁਲਿਸ ਮੁਖੀ, ਮਿਉਂਸਪਲ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਮੈਡੀਕਲ ਮਾਹਿਰਾਂ ਨਾਲ ਲਗਾਤਾਰ ਵਧ ਰਹੇ ਕੇਸਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮਾਂ ਬਾਰੇ ਸਲਾਹ ਮੰਗੀ। ਇਸ ਦੌਰਾਨ ਉਨ੍ਹਾਂ ਨੇ ਹਿਦਾਇਤ ਦਿੱਤੀ ਕਿ ਉਹ ਹਫਤੇ ਦੇ ਸਾਰੇ ਦਿਨ੍ਹਾਂ ਲਈ ਸਾਰੇ ਹਸਪਤਾਲਾਂ ਚ ਕੋਵਿਡ-19 ਟੀਕਾਕਰਨ ਕਰਨ ਅਤੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸਹੂਲਤਾਂ ਨੂੰ ਵੀ ਟੀਕਾਕਰਨ ਕੇਂਦਰਾਂ ਵੱਲੋਂ ਸ਼ਾਮਲ ਕਰਨ।
ਬਿਸਤਰਿਆਂ ਦੀ ਸਮਰੱਥਾ ਨੂੰ ਵਧਾਇਆ ਜਾਵੇ
ਮਹਾਜਨ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਕੋਵਿਡ ਬਿਸਤਰਿਆਂ ਦੀ ਸਮਰੱਥਾ ਵਧਾਉਣ ਲਈ ਸਲਾਹ ਦੇਣ ਅਤੇ ਪ੍ਰਾਈਵੇਟ ਹਸਪਤਾਲਾਂ ਜੋ ਅਜੇ ਤੱਕ ਐਲ-3 ਕੋਵਿਡ ਕੇਅਰ ਲਈ ਵੈਰੀਫਾਈ ਨਹੀਂ ਕੀਤੇ ਗਏ, ਉਨਾਂ ਨੂੰ ਜ਼ਿਲਿਆਂ ਵੱਲੋਂ ਜਲਦ ਵੈਰੀਫਾਈ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਐਲ-3 ਕੇਅਰ ਸਹੂਲਤਾਂ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿੱਥੇ-ਕਿੱਥੇ ਵਧੇਰੇ ਐਲ-3 ਬੈੱਡ ਉਪਲੱਬਧ ਹਨ।