ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਸਭ ਲਈ ਮੁਫ਼ਤ ਕਰਨ ਦੀ ਬਜਾਏ ਸਿਰਫ਼ ਇਕ ਚੈਨਲ ਨੂੰ ਦੇਣ ਲਈ ਕਾਹਲ ਕਿਉਂ ਦਿਖਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉੱਤੇ ਆਖਿਆ ਹੈ ਕਿ ਭਾਈਚਾਰੇ, ਫਿਰਕੂ ਸਦਭਾਵਨਾ ਅਤੇ ਵਿਸ਼ਵ ਸ਼ਾਂਤੀ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਪਵਿੱਤਰ ਗੁਰਬਾਣੀ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਣਾ ਚਾਹੀਦਾ ਹੈ। ਉਨ੍ਹਾਂ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਗੁਰਬਾਣੀ ਦਾ ਪ੍ਰਸਾਰਣ ਹਰੇਕ ਲਈ ਮੁਫ਼ਤ ਕਰਨ ਦੀ ਵਕਾਲਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਸੂਬਾ ਸਰਕਾਰ ਇਸ ਸੇਵਾ ਲਈ 24 ਘੰਟਿਆਂ ਵਿੱਚ ਸਾਰੇ ਪ੍ਰਬੰਧ ਕਰਨ ਲਈ ਤਿਆਰ ਹੈ।
ਗੁਰਬਾਣੀ ਦਾ ਪ੍ਰਚਾਰ ਕਰਨਾ ਸਮੇਂ ਦੀ ਲੋੜ : ਮੁੱਖ ਮੰਤਰੀ ਨੇ ਕਿਹਾ ਕਿ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਾਉਣ ਲਈ ਸਰਬ ਸਾਂਝੀ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਲੰਮੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਸਿਰਫ਼ ਇਕ ਨਿੱਜੀ ਚੈਨਲ ਨੂੰ ਹੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨੂੰ ਸਿਰਫ਼ ਇਕ ਚੈਨਲ ਤੱਕ ਮਹਿਦੂਦ ਕਰਨ ਦੀ ਥਾਂ ਸਾਰੇ ਚੈਨਲਾਂ ਨੂੰ ਮੁਫ਼ਤ ਵਿੱਚ ਪ੍ਰਸਾਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।