ਚੰਡੀਗੜ੍ਹ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮਾਨ ਨੇ ਪੰਜਾਬ ਦੇ ਵਿੱਤੀ ਹਾਲਾਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਜੋ ਪੰਜਾਬ ਸਰਕਾਰ ਨੇ ਕਰਜ਼ਾ ਲਾਹਿਆ, ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਇਸ ਸਬੰਧੀ ਵੇਰਵੇ ਸਾਂਝੇ ਕਰਨ ਜਾ ਰਹੇ ਹਾਂ। ਇਸ ਮੌਕੇ ਉਨ੍ਹਾਂ ਬਲਦੇਵ ਸਿੰਘ ਸਰਾਂ ਪੀਐੱਸਪੀਸੀਐੱਲ ਦੇ ਸੀਐੱਮਡੀ, ਵਿੱਤੀ ਸਕੱਤਰ ਵੇਣੂਪ੍ਰਸਾਦ ਵੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਟੋਟਲ ਰੈਵੀਨਿਊ 8841 ਕਰੋੜ ਰੁਪਏ ਹੈ, ਜੋ ਕਿ ਆਲ ਟਾਈਮ ਹਾਈ ਹੈ। ਇਹ ਰੈਵਿਨਿਊ ਪਿਛਲੀ ਵਾਰ ਨਾਲੋਂ 2587 ਕਰੋੜ ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਪਹਿਲਾਂ ਵੀ ਮਿੱਥਿਆ ਜਾ ਸਕਦਾ ਸੀ, ਪਰ ਪਿਛਲੀਆਂ ਸਰਕਾਰਾਂ ਨੇ ਆਪਣੀਆਂ ਜੇਬ੍ਹਾਂ ਭਰਨ ਦੀ ਸੋਚੀ।
ਉਨ੍ਹਾਂ ਕਿਹਾ ਕਿ ਜੀਐੱਸਟੀ ਕੁਲੈਕਸ਼ਨ ਵਿੱਚ 16.6 ਕਰੋੜ ਰੁਪਏ ਵਾਧਾ ਹੋਇਆ ਹੈ। ਪੰਜਾਬ ਪਹਿਲਾਂ ਅਖੀਰਲੇ ਨੰਬਰ ਉਤੇ ਹੁੰਦਾ ਸੀ ਤੇ ਹੁਣ ਪੰਜਾਬ ਟੌਪ ਦੇ ਸੂਬਿਆਂ ਵਿਚੋਂ ਇਕ ਹੈ, ਸਾਡੀ ਇਸ ਵਾਰ ਦੀ ਕੁਲੈਕਸ਼ਨ 18126 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਅਸੀਂ 2 ਫੀਸਦੀ ਦਾ ਘਾਟਾ ਰਜੀਸਟ੍ਰੀਆਂ ਉਤੇ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰ ਦੇ ਰੈਵੀਨਿਊ ਵਿੱਤ 78 ਫੀਸਦੀ ਵਾਧਾ ਹੋਇਆ ਹੈ।
ਪੀਐੱਸਪੀਸੀਐੱਲ ਨੂੰ ਫੰਡ ਜਾਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਸਪੀਸੀਐੱਲ ਨੂੰ ਵੱਡੀ ਰਾਹਤ ਦਿੰਦਿਆਂ 20 ਹਜ਼ਾਰ 200 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 9063 ਕਰੋੜ ਕਿਸਾਨਾਂ ਨੂੰ ਬਿਜਲੀ ਸਬਸਿਡੀ। ਘਰੇਲੂ ਬਿਜਲੀ ਦੀ 8225 ਕਰੋੜ ਰੁਪਏ ਦੀ ਸਬਸਿਡੀ ਹੈ। ਸਨਅਤ ਲਈ 2910 ਕਰੋੜ ਦੀ ਸਬਸਿਡੀ ਰੱਖੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਰਕਾਰ ਵੱਲ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਵੱਲੋਂ 3538 ਨੌਕਰੀਆਂ ਪਾਵਰ ਸੈਕਟਰ ਵਿੱਚ ਕੱਢੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਬਿਜਲੀ ਦੇ ਸੰਕਟ ਨਾਲ ਜੂਝਣਾ ਨਹੀਂ ਪਵੇਗਾ।