ਚੰਡੀਗੜ੍ਹ ਡੈਸਕ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲਵਾ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਬੀਤੇ ਦਿਨੀਂ ਦੌਰਾ ਕੀਤਾ ਗਿਆ। ਇਸ ਆਫਤ ਵਿੱਚ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ। ਕਈ ਲੋਕਾਂ ਨੂੰ ਫੌਜ ਜਾਂ ਹੋਰ ਸਮਾਜਸੇਵੀਆਂ ਵੱਲੋਂ ਰੈਸਕਿਊ ਕਰ ਕੇ ਕੱਢ ਲਿਆ ਗਿਆ, ਪਰ ਕਈ ਲੋਕ ਹਾਲੇ ਵੀ ਆਪਣੇ ਘਰਾਂ ਦੀਆਂ ਛੱਤਾਂ ਉਤੇ ਬੈਠੇ ਕਿਸੇ ਮਦਦ ਦੀ ਉਡੀਕ ਕਰ ਰਹੇ ਹਨ। ਬੀਤੇ ਦਿਨੀਂ ਇਨ੍ਹਾਂ ਲੋਕਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਕਿਸ਼ਤੀ ਰਾਹੀਂ ਗਏ। ਇਸ ਦੌਰਾਨ ਪਾਣੀ ਦਾ ਵਹਾਅ ਹੋਣ ਕਾਰਨ ਉਨ੍ਹਾਂ ਦੀ ਕਿਸ਼ਤੀ ਡਾਵਾਂ-ਡੋਲ ਹੋ ਗਈ ਤੇ ਮੁੱਖ ਮੰਤਰੀ ਵਾਲ-ਵਾਲ ਬਚੇ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਲਗਾਤਾਰ ਵਾਇਰਲ ਹੋ ਰਹੀ ਹੈ।
ਨਿਹਲਾ ਲਵੇਰਾਂ ਵਿਖੇ ਪੀੜਤ ਲੋਕਾਂ ਨੂੰ ਮਿਲੇ ਮੁੱਖ ਮੰਤਰੀ :ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਾਲਾਵਾਲਾਂ ਦੇ ਪਿੰਡ ਨਿਹਲਾ ਲਵੇਰਾਂ ਤੇ ਰੁਕਨੇ ਵਾਲਾ ਦਾ ਦੌਰਾ ਕੀਤਾ ਗਿਆ ਤੇ ਉੱਥੋਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਦਾ ਹਾਲ ਜਾਣਿਆ ਤੇ ਪੁੱਛਿਆ ਕਿ ਉਨ੍ਹਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁੱਖ ਮੰਤਰੀ ਦੀ ਫੇਰੀ ਉਤੇ ਲੋਕਾਂ ਵਿੱਚ ਰੋਸ :ਇਸ ਮੌਕੇ ਮੁੱਖ ਮੰਤਰੀ ਨੇ ਕਿਸ਼ਤੀ ਵਿੱਚ ਉਨ੍ਹਾਂ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ, ਜੋ ਬਿਜਲੀ ਤੇ ਪੀਣ ਵਾਲਾ ਪਾਣੀ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਭਾਵੇਂ ਹੀ ਇਸ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਕੁਝ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਕੇ ਗਏ ਹਨ, ਪਰ ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਮਿਲਵਾਇਆ ਗਿਆ, ਜੋ ਦੂਜੇ ਪਿੰਡਾਂ ਦੇ ਸੀ, ਜਾਂ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਉਨ੍ਹਾ ਕਿਹਾ ਕਿ ਸਾਨੂੰ ਮੁੱਖ ਮੰਤਰੀ ਦੇ ਕੋਲ ਵੀ ਨਹੀਂ ਜਾਣ ਦਿੱਤਾ ਗਿਆ।
ਪਿੰਡ ਵਾਸੀਆਂ ਦਾ ਭੜਕਿਆ ਗੁੱਸਾ :ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਹਰ ਪਾਰਟੀ ਦੇ ਆਗੂਆਂ ਵੱਲੋਂ ਸਿਰਫ ਫੋਟੋਆਂ ਖਿਚਵਾਈਆਂ ਜਾਂਦੀਆ ਹਨ, ਮੀਡੀਆ ਨੂੰ ਨਾਲ ਲੈ ਕੇ ਬੱਸ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਹਨ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਆਉਣਾ ਸੀ, ਤਾਂ ਸਭ ਕੁਝ ਮੁਹੱਈਆ ਹੋ ਗਿਆ, ਪਰ ਪਹਿਲਾਂ ਇਥੇ ਕੁਝ ਵੀ ਨਹੀਂ ਸੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਮੁੱਖ ਮਤੰਰੀ ਜਾਂਦੇ ਸਮੇਂ ਸਾਨੂੰ ਝੋਨਾ ਲਾਉਣ ਦੀ ਹਦਾਇਤ ਦੇ ਕੇ ਗਏ, ਪਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਇਥੇ ਝੋਨਾ ਲਾਉਣ ਦੇ ਹਾਲਾਤ ਹਨ ਜਾਂ ਨਹੀਂ?। ਉਨ੍ਹਾਂ ਕਿਹਾ ਕਿ ਪਾਣੀ ਗੋਡਿਆਂ ਤਕ ਖੜ੍ਹਾ ਹੈ ਤੇ ਹੁਣ ਝੋਨਾ ਆਪਾਂ ਕੋਠਿਆਂ ਉਤੇ ਬੀਜੀਏ।