ਚੰਡੀਗੜ੍ਹ (ਡੈਸਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ..ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ।
ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਨ ਦਾ ਵੱਡਾ ਟਵੀਟ, ਕਿਹਾ-ਸਾਰੇ ਚੈਨਲਾਂ ਨੂੰ ਮਿਲੇ ਮੁਫਤ ਪ੍ਰਸਾਰਣ ਦਾ ਹੱਕ
ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦਾ ਹੱਕ ਕਿਸੇ ਇਕ ਖਾਸ ਚੈਨਲ ਨੂੰ ਨਹੀਂ, ਸਗੋਂ ਸਾਰਿਆਂ ਨੂੰ ਇਹ ਮੁਫਤ ਸਹੂਲਤ ਹੋਣੀ ਚਾਹੀਦੀ ਹੈ।
ਸਰਕਾਰ ਸਾਰੇ ਖਰਚੇ ਚੁੱਕਣ ਲਈ ਤਿਆਰ :ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਇਹ ਮੰਗ ਉਠਦੀ ਰਹੀ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਸਾਰੇ ਹੀ ਚੈਨਲਾਂ ਨੂੰ ਮੁਹੱਈਆ ਹੋਣਾ ਚਾਹੀਦਾ ਹੈ। ਮਾਨ ਸਰਕਾਰ ਵਲੋਂ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਾਰਿਆਂ ਲਈ ਬਰਾਬਰ ਦਾ ਹੱਕ ਹੈ ਅਤੇ ਇਸ ਲਈ ਸੂਬਾ ਸਰਕਾਰ ਸਾਰੇ ਖਰਚੇ ਚੁੱਕਣ ਲਈ ਤਿਆਰ ਹੈ। ਮੁੱਖ ਨੇ ਕਿਹਾ ਕਿ ਇਕ ਖਾਸ ਚੈਨਲ ਕੋਲ ਹੀ ਫਿਲਹਾਲ ਇਹ ਹੱਕ ਰਾਖਵੇਂ ਹਨ ਜਦੋਂ ਕਿ ਇਹ ਸਾਰਿਆਂ ਦਾ ਹੱਕ ਹੈ, ਕਮੇਟੀ ਨੂੰ ਅਪੀਲ ਵੀ ਕੀਤੀ ਗਈ ਕਿ ਸਾਰੇ ਚੈਨਲਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਗੁਰਬਾਣੀ ਦਾ ਪ੍ਰਸਾਰਣ ਕਰ ਸਕਣ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਸੰਬੰਧੀ ਇਕ ਪੱਤਰ ਵੀ ਲਿਖਿਆ ਸੀ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਪੰਜਾਬ ਸਰਕਾਰ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਸਰਕਾਰ ਨੂੰ ਜੇਕਰ ਇਹ ਮਨਜੂਰੀ ਮਿਲਦੀ ਹੈ ਤਾਂ ਸਾਰੇ ਹੀ ਖਰਚੇ ਚੁੱਕੇ ਜਾਣਗੇ। ਮਾਨ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੇ ਸਾਰੇ ਹੀ ਪਲੇਟਫਾਰਮਾਂ ਰਾਹੀਂ ਗੁਰਬਾਣੀ ਦਾ ਪ੍ਰਸਾਰ ਹੋਣਾ ਚਾਹੀਦਾ ਹੈ।