ਚੰਡੀਗੜ੍ਹ:ਇੱਕ ਪਾਸੇ ਜਿਥੇ ਸੂਬੇ ਭਰ 'ਚ ਮਾਲ ਵਿਭਾਗ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਸ਼ੁਰੂ ਕਰ ਦਿੱਤੀ ਤੇ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਪਟਵਾਰੀਆਂ ਤੇ ਹੋਰ ਮੁਲਾਜ਼ਮਾਂ ਵਿਚਾਲੇ ਸ਼ੁਰੂ ਹੋਈ ਕਸ਼ਮਕਸ਼ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੁਝ ਹੋਰ ਅਹਿਮ ਐਲਾਨ ਕੀਤੇ ਹਨ।
ਟ੍ਰੇਨਿੰਗ ਅਧੀਨ ਪਟਵਾਰੀ ਕਰਨਗੇ ਕੰਮ:ਇਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ 741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਸਰਕਾਰ ਜਲਦ ਹੀ ਫੀਲਡ 'ਚ ਉਤਾਰਨ ਜਾ ਰਹੀ ਹੈ। ਜਿਸ 'ਚ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇੰਨ੍ਹਾਂ ਪਟਵਾਰੀਆਂ ਦੀ ਟ੍ਰੇਨਿੰਗ 18 ਮਹੀਨੇ ਦੀ ਹੁੰਦੀ ਅਤੇ ਟ੍ਰੇਨਿੰਗ ਅਧੀਨ ਪਟਵਾਰੀ 15 ਮਹੀਨੇ ਦੀ ਟ੍ਰੇਨਿੰਗ ਪੂਰੀ ਕਰ ਚੁੱਕੇ ਹਨ। ਜਿੰਨ੍ਹਾਂ ਨੂੰ ਜਲਦ ਫੀਲਡ 'ਚ ਉਤਾਰ ਕੇ ਕੰਮ ਲਿਆ ਜਾਵੇਗਾ।
ਟੈਸਟ ਪਾਸ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ:ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਪਟਵਾਰੀ ਦਾ ਟੈਸਟ ਪਾਸ ਕਰ ਚੁੱਕੇ 710 ਉਮੀਦਵਾਰਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਤਾਂ ਜੋ ੳਨ੍ਹਾਂ ਨੂੰ ਜਲਦੀ ਤਿਆਰ ਕਰਕੇ ਕੰਮ ਲਿਆ ਜਾ ਸਕੇ। ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਹੁਣ ਕੋਈ ਵੀ ਸਰਕਲ ਖਾਲੀ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਉਮੀਦਵਾਰਾਂ ਦੀ ਵੈਰੀਫਿਕੇਸ਼ਨ ਰਹਿੰਦੀ ਹੈ, ਜਿਸ ਸਬੰਧੀ ਉਹ ਗ੍ਰਹਿ ਵਿਭਾਗ ਨੂੰ ਤੇਜ਼ੀ ਕਰਨ ਲਈ ਕਹਿ ਚੁੱਕੇ ਹਨ।
ਖਾਲੀ ਅਸਾਮੀਆਂ 'ਤੇ ਨਵੀਂ ਭਰਤੀ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਕੱਢਣ ਜਾ ਰਹੀ ਹੈ। ਜਿਸ 'ਚ ਨੌਜਵਾਨਾਂ ਤੋਂ ਪੇਪਰ ਲਿਆ ਜਾਵੇਗਾ ਅਤੇ ਉਸ ਤੋਂ ਉਪਰੰਤ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪੋਸਟਾਂ ਲਈ ਉਮੀਦਵਾਰ ਦੀ ਚੋਣ ਮੈਰਿਟ ਦੇ ਅਧਾਰ 'ਤੇ ਕੀਤੀ ਜਾਵੇਗੀ ਜੋ ਬਿਲਕੁਲ ਪਾਰਦਰਸ਼ੀ ਹੋਣਗੀਆਂ। ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ 'ਚ 3660 ਸਰਕਲ ਹਨ, ਜਿੰਨ੍ਹਾਂ 1623 ਪਟਵਾਰੀ ਸਰਕਲਾਂ 'ਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਹਿੰਦੇ 2037 ਖਾਲੀ ਸਰਕਲ ਵੀ ਸਰਕਾਰ ਵਲੋਂ ਜਲਦ ਭਰ ਦਿੱਤੇ ਜਾਣਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਟਵਾਰੀਆਂ ਦੀ ਹਾਜ਼ਰੀ ਨੂੰ ਲੈਕੇ ਬਿਆਨ: ਇਸ ਤੋਂ ਇਲਾਵਾ ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਹੁਣ ਬਾਇਓਮੀਟਰਿਕ ਕੀਤੀ ਜਾ ਰਹੀ ਹੈ। ਭਾਵ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ ਵੇਲੇ ਅਤੇ ਜਾਣ ਵਾਲੇ ਆਪਣੇ ਅੰਗੂਠੇ ਨਾਲ ਮਸ਼ੀਨ ਰਾਹੀਂ ਹਾਜ਼ਰੀ ਲਾਉਣੀ ਪਵੇਗੀ।
ਲੋਕਾਂ ਦੀ ਸ਼ਿਕਾਇਤ 'ਤੇ ਲਿਆ ਐਕਸ਼ਨ:ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸ਼ਿਕਾਇਤਾਂ ਮਿਲਣ ਰਹੀਆਂ ਹਨ ਕਿ ਕਈ ਪਟਵਾਰੀਆਂ ਨੇ ਅੱਗੋਂ ਪਟਵਾਰ ਦਾ ਕੰਮ ਕਰਨ ਲਈ ਬਹੁਤ ਘੱਟ ਤਨਖ਼ਾਹਾਂ ’ਤੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ ਅਤੇ ਆਪ ਇਹ ਲੋਕ ਪ੍ਰਾਈਵੇਟ ਧੰਦਾ ਕਰ ਰਹੇ ਹਨ ਅਤੇ ਦਫ਼ਤਰਾਂ ਵਿੱਚ ਹਾਜ਼ਰ ਨਹੀਂ ਹੁੰਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਵਾਰਖ਼ਾਨਿਆਂ ਅਤੇ ਤਹਿਸੀਲਾਂ ਵਿੱਚ ਉਨ੍ਹਾਂ ਨੂੰ ਕਿਸੇ ਖੱਜਲਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।