ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪੁਰਾ 'ਚ 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨਾਲ ਬੀਤੇ ਕੱਲ੍ਹ ਨੀਡਰਲੈਨਡ ਦੀ ਸਫ਼ੀਰ ਮੈਰੀਸਾ ਗੇਰਾਡਜ਼ ਵਲੋਂ ਮੁਲਾਕਾਤ ਕੀਤੀ ਗਈ ਸੀ। ਜਿਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਸੂਬੇ 'ਚ ਵਿਦੇਸ਼ੀ ਕੰਪਨੀਆਂ ਨਿਵੇਸ਼ ਕਰਨ 'ਚ ਦਿਲਚਸਪੀ ਲੈ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਸੂਬੇ ਦੇ ਲੋਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਸੀ। (Holland based Cattle Feed Plant)
ਪੰਜਾਬ 'ਚ ਵਿਦੇਸ਼ੀ ਨਿਵੇਸ਼: ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਜੋ ਵਪਾਰੀ ਰੁਸ ਕੇ ਚਲੇ ਗਏ, ਉਨ੍ਹਾਂ ਨੂੰ ਵਾਪਸ ਲੈ ਕੇ ਆਉਣਾ ਹੈ, ਨਵੇਂ ਨਿਵੇਸ਼ ਨੂੰ ਪੰਜਾਬ 'ਚ ਲਿਆਉਣਾ ਅਤੇ ਜਿੰਨ੍ਹਾਂ ਦੇ ਕੰਮ ਨਹੀਂ ਚੱਲਦੇ ਉਨ੍ਹਾਂ ਦਾ ਕੰਮ ਚਲਾਉਣ 'ਚ ਮਦਦ ਕਰਨਾ ਸਾਡਾ ਮਕਸਦ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਦਾਅਵਾ ਕੀਤਾ ਸੀ ਕਿ ਪੰਜਾਬ 'ਚ ਵਿਦੇਸ਼ੀ ਵੀ ਨਿਵੇਸ਼ ਕਰਨਗੇ ਪਰ ਉਸ ਸਮੇਂ ਕੁਝ ਲੋਕਾਂ ਨੇ ਮਜ਼ਾਕ ਉਡਾਇਆ ਸੀ ਪਰ ਅੱਜ ਉਹ ਵੀ ਸੱਚ ਹੋ ਗਿਆ ਹੈ।