ਚੰਡੀਗੜ੍ਹ: ਦੇਸ਼ ਭਰ ਵਿੱਚ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਬੇਹੱਦ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਹਰ ਪਾਸੇ ਸ਼ੁਭ ਦਿਨ ਦੀ ਧੂਮ ਹੈ, ਤਾਂ ਉਥੇ ਹੀ ਇਸ ਸ਼ੁਭ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਮੂਹ ਪੰਜਾਬ ਵਾਸੀਆਂ ਨੂੰ ਪਵਿੱਤਰ ਦਿਨ, ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਲਿਖਿਆ 'ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ…'
ਬਜ਼ਾਰਾਂ 'ਚ ਲੱਗੀਆਂ ਰੌਣਕਾਂ : ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਗੱਲ ਗਰੀਏ ਬਜ਼ਾਰਾਂ ਦੀਆਂ ਰੌਣਕਾਂ ਦੀ ਤਾਂ ਵੱਖ ਵੱਖ ਤਰ੍ਹਾਂ ਦੇ ਟਰੇਂਡਿੰਗ ਤਰੀਕੇ ਨਾਲ ਕ੍ਰਿਸ਼ਨ ਭਗਵਾਨ ਦੀਆਂ ਮੂਰਤੀਆਂ ਨੂੰ ਸਜਾਉਣ ਦੇ ਕਾਰਜ ਕੀਤੇ ਗਏ ਹਨ ਮੰਦਿਰਾਂ 'ਚ ਸਜਾਵਟ ਹੈ। ਨਿੱਕੇ ਬਾਲ ਗੋਪਾਲ ਤੋਂ ਲੈਕੇ ਬਾਲਗ ਉਮਰ ਤੱਕ ਦੇ ਕ੍ਰਿਸ਼ਨ ਭਗਵਾਨ ਦੀਆਂ ਮੂਰਤੀਆਂ ਨੂੰ ਸਜਾਇਆ ਗਿਆ ਹੈ।
ਦੁਚਿੱਤੀ 'ਚ ਲੋਕ : ਦੱਸਣਯੋਗ ਹੈ ਕਿ ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ (Krishna Janmashtami 2023) ਦੀ ਸਥਿਤੀ ਨੂੰ ਲੈਕੇ ਲੋਕ ਕਾਫੀ ਉਲਝੇ ਜਿਹੇ ਹਨ, ਕਿਉਕਿ ਰੱਖੜੀ ਵਾਂਗ ਹੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਵੀ ਦੋ ਦਿਨ ਦੀਆਂ ਵੱਖ ਵੱਖ ਤਰੀਕਾਂ ਨੂੰ ਮਨਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਕੁਝ ਲੋਕਾਂ ਨੇ ਇਸ ਨੂੰ 6 ਸਤੰਬਰ ਦੇ ਦਿਨ ਮਨਾਇਆ ਤੇ ਕੁਝ ਨੇ 7 ਸਤੰਬਰ, ਯਾਨੀ ਕਿ ਅੱਜ ਮਨਾਉਣਾ ਹੈ। ਹਿੰਦੂ ਸ਼ਾਸਤਰ ਮਾਹਿਰਾਂ ਦੀ ਮੰਨੀਏ ਤਾਂ ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਮਨਾਈ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਇਸ ਅਸ਼ਟਮੀ ਤਿਥੀ ਨੂੰ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ 12 ਵਜੇ ਹੋਇਆ ਸੀ। ਇਸ ਸਾਲ ਅਸ਼ਟਮੀ ਤਿਥੀ ਬੁੱਧਵਾਰ ਨੂੰ ਦੁਪਹਿਰ 3.37 ਵਜੇ ਸ਼ੁਰੂ ਹੋਵੇਗੀ ਅਤੇ 7 ਸਤੰਬਰ ਨੂੰ ਸ਼ਾਮ 4.16 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਇਸ ਵਾਰ ਸਾਲਾਂ ਬਾਅਦ ਜਨਮ ਅਸ਼ਟਮੀ ‘ਤੇ ਸੰਯੋਗ ਬਣਿਆ ਹੈ। ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਿਥੀ ਦੀ ਅੱਧੀ ਰਾਤ ਨੂੰ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ। ਇਸ ਵਾਰ ਵੀ 6 ਸਤੰਬਰ ਨੂੰ ਅਸ਼ਟਮੀ ਤਿਥੀ ਦੇ ਨਾਲ ਰੋਹਿਣੀ ਨਛੱਤਰ ਦਾ ਸੰਯੋਗ ਹੈ, ਜੋ ਕਿ ਬਹੁਤ ਸ਼ੁਭ ਹੈ।
ਸਿਰਫ 46 ਮਿੰਟ ਦੀ ਪੂਜਾ ਦਾ ਮੁਹੂਰਤ :ਵੈਸ਼ਨਵ ਸੰਪਰਦਾ 'ਚ ਉਦੈਤਿਥੀ ਦਾ ਜ਼ਿਆਦਾ ਮਹੱਤਵ ਹੈ, ਇਸ ਲਈ ਲੋਕ 7 ਸਤੰਬਰ ਨੂੰ ਜਨਮ ਦਿਨ ਮਨਾਉਣਗੇ। ਜਨਮ ਅਸ਼ਟਮੀ ਵਾਲੇ ਦਿਨ ਸਾਰਾ ਦਿਨ ਵਰਤ ਰੱਖਿਆ ਜਾਂਦਾ ਹੈ ਅਤੇ ਰਾਤ ਨੂੰ 12 ਵਜੇ ਲੱਡੂ ਗੋਪਾਲ ਨੂੰ ਚੜ੍ਹਾਵਾ ਦੇ ਕੇ ਭੋਗ ਪਾਇਆ ਜਾਂਦਾ ਹੈ। ਫਿਰ ਪ੍ਰਸਾਦ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਉਸ ਤੋਂ ਬਾਅਦ ਹੀ ਵਰਤ ਖੋਲਿਆ ਜਾਂਦਾ ਹੈ। 6 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਦਾ ਸ਼ੁਭ ਸਮਾਂ ਸਿਰਫ 46 ਮਿੰਟ ਹੈ। ਪੂਜਾ ਦਾ ਸ਼ੁਭ ਸਮਾਂ ਮੁਹੂਰਤ 11.56 ਵਜੇ ਸ਼ੁਰੂ ਹੋਵੇਗਾ ਅਤੇ 7 ਸਤੰਬਰ ਨੂੰ ਰਾਤ 12.42 ਵਜੇ ਸਮਾਪਤ ਹੋਵੇਗਾ।