ਚੰਡੀਗੜ੍ਹ ਡੈਸਕ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਲਈ ਉਹ ਖੁਦ ਉਨ੍ਹਾਂ ਨੂੰ ਜਾ ਕੇ ਮਿਲੇ ਹਨ। ਉਨ੍ਹਾਂ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਸੀਐੱਮ ਮਾਨ ਨੇ ਟਵੀਟ ਕੀਤਾ ਹੈ।
ਮਾਨ ਨੇ ਕੀ ਲਿਖਿਆ ਟਵੀਟ ਵਿੱਚ :ਦੇਸ਼ ਦੇ ਪਹਿਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਕੋਟਲੀ ਕਲਾਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ…ਬੜੇ ਦੁੱਖ ਦੀ ਗੱਲ ਹੈ ਫੌਜ ਦੀ ਵਰਦੀ ਪਵਾ ਕੇ ਕੇਂਦਰ ਸਰਕਾਰ ਸ਼ਹੀਦ ਜਵਾਨ ਨੂੰ ਸ਼ਹੀਦ ਨੀ ਮੰਨ ਰਹੀ…ਪਰ ਪੰਜਾਬ ਸਰਕਾਰ ਪੰਜਾਬ ਦੇ ਮਾਣਮੱਤੇ ਸ਼ਹੀਦ ਜਵਾਨਾਂ ਨਾਲ ਕੋਈ ਵੀ ਵਿਤਕਰਾ ਨੀ…
ਐੱਲਓਸੀ ਨੇੜੇ ਸੀ ਪੋਸਟਿੰਗ :ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਕੋਟਲੀ ਦੇ 19 ਸਾਲ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਭਰਤੀ ਅਗਨੀਵੀਰ ਵਿੱਚ ਹੋਈ। ਉਸ ਦੀ ਪੋਸਟਿੰਗ ਪੁੰਛ ਜ਼ਿਲ੍ਹੇ ਦੇ ਮੇਂਢਰ ਉਪਮੰਡਲ ਦੇ ਮਨਕੋਟ ਇਲਾਕੇ ਵਿੱਚ LoC ਨੇੜੇ ਸੀ। ਡਿਊਟੀ ਦੌਰਾਨ ਉਸ ਦੇ ਮੱਥੇ ਉੱਤੇ ਗੋਲੀ ਲੱਗ। ਅੰਮ੍ਰਿਤਪਾਲ ਨੂੰ ਗੋਲੀ ਲੱਗਣ ਤੋਂ 2 ਦਿਨ ਪਹਿਲਾਂ ਫੌਜ ਨੇ 2 ਅੱਤਵਾਦੀਆਂ ਨੂੰ ਮਾਰਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਨੂੰ ਅੱਤਵਾਦੀਆਂ ਦੀ ਗੋਲੀ ਲੱਗੀ ਹੈ। ਇਸ ਵਿਚਾਲੇ ਹੁਣ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ।
ਫੌਜ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਪੋਸਟ ਕੀਤੀ ਗਈ। ਇਸ ਵਿੱਟ ਲਿਖਿਆ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਸੰਤਰੀ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ। ਅੰਮ੍ਰਿਤਪਾਲ ਦੇ ਅੰਤਿਮ ਸਸਕਾਰ ਮੌਕੇ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ, ਕਿਉਂਕਿ ਖੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਉੱਤੇ ਇਹ ਸਨਮਾਨ ਨਹੀਂ ਦਿੱਤਾ। - ਫੌਜ ਵਲੋਂ ਬਿਆਨ
ਪ੍ਰਾਈਵੇਟ ਐਂਬੂਲੈਂਸ 'ਚ ਲਿਆਂਦੀ ਗਈ ਸੀ ਮ੍ਰਿਤਕ ਦੇਹ: ਅੰਮ੍ਰਿਤਪਾਲ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਫੌਜ ਦੇ ਵਾਹਨ ਦੀ ਬਜਾਏ ਪ੍ਰਾਈਵੇਟ ਐਂਬੂਲੈਂਸ 'ਚ ਉਸ ਦੇ ਪਿੰਡ ਲਿਆਂਦੀ ਗਈ। ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਛੱਡ ਕੇ ਜਵਾਨ ਉੱਥੋ ਚਲੇ ਗਏ। ਜਦੋਂ, ਪਰਿਵਾਰ ਨੇ ਪੁੱਛਿਆ ਕਿ ਕੋਈ ਫੌਜ ਸਨਮਾਨ ਨਹੀਂ ਮਿਲੇਗਾ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਗਨੀਵੀਰ ਸਕੀਮ ਤਹਿਤ ਭਰਤੀ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਹੈ, ਇਸ ਲਈ ਫੌਜ ਸਨਮਾਨ ਨਹੀਂ ਮਿਲੇਗਾ।