ਚੰਡੀਗੜ੍ਹ ਡੈਸਕ :ਚੱਕਰਵਾਤ ਮਿਚੌਂਗ ਤੋਂ ਬਾਅਦ ਚੇਨਈ ਵਿੱਚ ਹੜ੍ਹਾਂ ਨੇ ਕਈ ਚੀਜਾਂ ਸਪਸ਼ਟ ਕਰ ਦਿੱਤੀਆਂ ਹਨ। ਇਸ ਨਾਲ ਜਲਵਾਯੂ ਪਰਿਵਰਤਨ ਕਾਰਨ ਖੜ੍ਹੇ ਹੋਣ ਵਾਲੇ ਸੰਕਟ ਵੀ ਉੱਭਰ ਕੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਵਾਤਾਵਰਣ ਵਿੱਚ ਹੋ ਰਹੇ ਇਸ ਬਦਲਾਵ ਕਾਰਨ ਭਾਰਤੀ ਸ਼ਹਿਰਾਂ ਦੀ ਕੀ ਹਾਲਤ ਹੋਣ ਵਾਲੀ ਹੈ, ਇਸ ਦੀ ਚਿੰਤਾ ਵੀ ਪੈਦਾ ਹੋ ਰਹੀ ਹੈ। ਚੇਨਈ ਵਿੱਚ 4 ਦਸੰਬਰ ਤੱਕ 48 ਘੰਟਿਆਂ ਦੇ ਅੰਦਰ 40 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ ਅਤੇ ਜਿਸ ਕਾਰਨ ਹੜ੍ਹ ਆ ਗਿਆ।
ਇਸ ਰਿਪੋਰਟ ਨੇ ਕੀਤੇ ਖੁਲਾਸੇ :ਜ਼ਿਕਰਯੋਗ ਹੈ ਕਿ ਪੋਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇਮਪੈਕਟ ਰਿਸਰਚ ਐਂਡ ਕਲਾਈਮੇਟ ਐਨਾਲਿਟਿਕਸ ਦੀ ਖੋਜ ਤੋਂ ਬਾਅਦ ਨਵੇਂ ਸਵਾਲ ਪੈਦਾ ਹੋ ਰਹੇ ਹਨ। ਇਹ ਰਿਪੋਰਟ ਇਕ ਚੇਤਾਵਨੀ ਵਾਂਗ ਸਾਹਮਣੇ ਆਈ ਹੈ। ਰਿਪੋਰਟ ਮੁਤਾਬਿਕ ਭਾਰਤ, ਭੂਮੱਧ ਰੇਖਾ ਦੇ ਲਾਗੇ ਹੋਣ ਕਰਕੇ ਜੇਕਰ ਸਮੁੰਦਰੀ ਪਾਣੀ ਦਾ ਤਲ ਵਧਿਆ ਤਾਂ ਇਸਦਾ ਸਿੱਧਾ ਅਸਰ ਪਵੇਗਾ। ਇਸ ਨਾਲ ਖੇਤੀਬਾੜੀ ਵੀ ਪ੍ਰਭਾਵਿਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੋਣ ਤੋਂ ਬਾਅਦ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੀ ਵਧਣਗੀਆਂ।
ਇਹ ਸ਼ਹਿਰ ਹੋਣਗੇ ਪ੍ਰਭਾਵਿਤ : ਦਰਅਸਲ, 2021 ਵਿੱਚ ਜਲਵਾਯੂ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (IPCC) ਦੀ ਇੱਕ ਰਿਪੋਰਟ ਵਿੱਚ ਭਾਰਤ ਲਈ ਇੱਕ ਗੰਭੀਰ ਚੇਤਾਵਨੀ ਹੈ। ਇਸ ਵਿਚ ਕਿਹਾ ਗਿਆ ਕਿ ਸਭ ਤੋਂ ਖ਼ਤਰਨਾਕ ਰਿਸਕ ਸਮੁੰਦਰੀ ਪੱਧਰ ਦਾ ਵਧਣਾ ਹੈ, ਜਿਸ ਨਾਲ ਸਦੀ ਦੇ ਅੰਤ ਤੱਕ ਦੇਸ਼ ਦੇ 12 ਤੱਟਵਰਤੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਹੈ। ਆਈਪੀਸੀਸੀ ਦੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਮੁੰਬਈ, ਚੇਨਈ, ਕੋਚੀ ਅਤੇ ਵਿਸ਼ਾਖਾਪਟਨਮ ਸਮੇਤ ਇੱਕ ਦਰਜਨ ਭਾਰਤੀ ਸ਼ਹਿਰ ਸਦੀ ਦੇ ਅੰਤ ਤੱਕ ਲਗਭਗ ਤਿੰਨ ਫੁੱਟ ਪਾਣੀ ਵਿੱਚ ਡੁੱਬ ਸਕਦੇ ਹਨ।
ਦਿੱਲੀ ਨੇ ਇਸੇ ਸਾਲ ਝੱਲਿਆ ਹੜ੍ਹ : ਇਸ ਸਾਲ ਦੀ ਸ਼ੁਰੂਆਤ 'ਚ ਦਿੱਲੀ ਨੇ ਵੀ ਵੱਡੇ ਪੱਧਰ ਉੱਤੇ ਹੜ ਦੀ ਸਥਿਤੀ ਝੱਲੀ ਹੈ। ਜੁਲਾਈ ਵਿੱਚ ਯਮੁਨਾ ਵਿੱਚ ਪਾਣੀ ਦਾ ਪੱਧਰ 208.48 ਮੀਟਰ ਤੱਕ ਗਿਆ ਅਤੇ ਇਸ ਕਾਰਨ ਦਿਲੀ ਦੇ ਕਿਨਾਰਿਆਂ ਉੱਤੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦੀ ਮਾਰ ਸਹਿਣੀ ਪਈ।
ਰਿਹਾਇਸ਼ੀ ਇਮਾਰਤਾਂ ਦੇ ਡੁੱਬਣ ਦਾ ਖਤਰਾ :ਯਾਦ ਰਹੇ ਕਿ ਚੇਨਈ ਦੇ ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਇਸ ਕਾਰਨ ਰਿਹਾਇਸ਼ੀ ਇਮਾਰਤਾਂ ਵੀ ਡੁੱਬ ਰਹੀਆਂ ਹਨ। ਹਾਲਾਂਕਿ ਚੇਨਈ ਵਿੱਚ ਪਹਿਲਾਂ ਵੀ ਹੜ੍ਹ ਆ ਚੁੱਕਾ ਹੈ ਪਰ ਇਸ ਹੜ੍ਹ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਹੋਰ ਸ਼ਹਿਰਾਂ ਨੂੰ ਚਿੰਤਾ ਵਿੱਚ ਡੁਬੋ ਦਿੱਤਾ ਹੈ।