ਚੰਡੀਗੜ੍ਹ:ਪੰਜਾਬ ਵਿੱਚ ਅੱਜ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਗਿਆ ਹੈ ਤੇ ਅੱਜ ਤੋਂ 15 ਜੁਲਾਈ ਸਵੇਰੇ 7:30 ਵਜੇ ਤੋਂ ਦਪਹਿਰ 2 ਵਜੇ ਤਕ ਹੀ ਸਾਰੇ ਸਰਕਾਰੀ ਦਫ਼ਤਰ ਖੁੱਲ੍ਹਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਪੰਜਾਬ ਸਰਕਾਰ ਨੇ ਇੱਕ ਨਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ ਜੋ ਦੇਸ਼ ਵਿੱਚ ਪਹਿਲਾਂ ਕਦੀ ਵੀ ਨਹੀਂ ਹੋਇਆ। ਸੀਐਮ ਮਾਨ ਨੇ ਕਿਹਾ ਕਿ ਇਸ ਫੈਸਲੇ ਦੇ 2 ਤੋਂ 3 ਫਾਇਦੇ ਹੋਣਗੇ।
ਇਹ ਵੀ ਪੜੋ:Weather Update: ਪੰਜਾਬ ਸਮੇਤ ਦੇਸ਼ ਭਰ 'ਚ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ
ਫੈਸਲਾ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਤੇ ਮੁਲਾਜ਼ਮਾਂ ਨਾਲ ਕੀਤੀ ਗੱਲਬਾਤ:ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਤੋਂ ਪੰਜਾਬ ਵਿੱਚ ਸਾਰੇ ਸਰਕਾਰ ਦਫ਼ਤਰ ਸਵੇਰੇ 7:30 ਵਜੇ ਤੋਂ ਦਪਹਿਰ 2 ਵਜੇ ਖੁੱਲ੍ਹਣਗੇ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਅਸੀਂ ਲੋਕਾਂ ਤੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਸੀ, ਜਿਹਨਾਂ ਨੇ ਇਸ ਫੈਸਲਾ ਲਈ ਸਹਿਮਤੀ ਪ੍ਰਗਟਾਈ ਸੀ। ਉਹਨਾਂ ਨੇ ਕਿਹਾ ਕਿ ਸਹਿਮਤੀ ਨਾਲ ਹੀ ਇਹ ਫੈਸਲਾ ਲਾਗੂ ਕੀਤਾ ਗਿਆ ਹੈ।
ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ:ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਾਲ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ ਕਿ ਗਰਮੀ ਬਹੁਤ ਅੱਤ ਦੀ ਪਵੇਗੀ। ਉਹਨਾਂ ਨੇ ਕਿਹਾ ਕਿ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਲੋਕਾਂ ਦੇ ਕੰਮ ਜਲਦੀ ਹੋ ਸਕਣਗੇ ਤੇ ਉਹ ਸਮੇਂ ਸਿਰ ਘਰ ਜਾ ਸਕਣਗੇ, ਜਿਸ ਨਾਲ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਲੋਕਾਂ ਨੂੰ ਨਹੀਂ ਛੱਡਣਾ ਪਵੇਗੀ ਆਪਣੀ ਦਿਹਾੜੀ:ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮਾਂ ਬਦਲਣ ਨਾਲ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਮਜ਼ਦੂਰੀ ਕਰਨ ਵਾਲੇ ਵਿਅਕਤੀ ਨੂੰ ਸਰਕਾਰੀ ਦਫ਼ਤਰ ਵਿੱਚ ਕੰਮ ਹੈ ਤਾਂ ਉਹ ਸਵੇਰੇ ਜਲਦੀ ਜਾ ਕੇ ਆਪਣਾ ਕੰਮ ਕਰਵਾ ਸਕੇਗਾ ਤੇ ਫਿਰ ਆਪਣੇ ਕੰਮ (ਦਿਹਾੜੀ) ਉੱਤੇ ਵੀ ਜਾ ਸਕੇਗਾ। ਸੀਐਮ ਮਾਨ ਨੇ ਕਿਹਾ ਕਿ ਇੱਕ ਤਾਂ ਲੋਕਾਂ ਦਾ ਕੰਮ ਜਲਦੀ ਹੋ ਜਾਵੇਗਾ ਤੇ ਦੂਜਾ ਉਹ ਸਮੇਂ ਸਿਰ ਵਿਹਲੇ ਵੀ ਹੋ ਜਾਣਗੇ।