ਚੰਡੀਗੜ੍ਹ:ਗ੍ਰਹਿਣ, ਭਾਵੇਂ ਉਹ ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ ਦੋਵੇਂ ਜੋਤਿਸ਼ ਦੀ ਭਾਸ਼ਾ ਵਿੱਚ ਆਪਣਾ ਵੱਖਰਾ ਸਥਾਨ ਰੱਖਦੇ ਹਨ। ਅਜਿਹੀਆਂ ਮਾਨਤਾਵਾਂ ਹਨ ਕਿ ਗ੍ਰਹਿਣ ਦਾ ਨਸ਼ੱਤਰਾਂ ਅਤੇ ਰਾਸ਼ੀਆਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਸਾਲ ਵੀ ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਜੋ ਕਿ 5 ਮਈ ਦੀ ਰਾਤ 8:45 'ਤੇ ਸ਼ੁਰੂ ਹੋ ਕੇ ਰਾਤ ਦੇ 1 ਵਜੇ ਤੱਕ ਚੱਲੇਗਾ। ਚੰਦਰ ਗ੍ਰਹਿਣ ਵੈਸਾਖ ਪੂਰਨਿਮਾ ਭਾਵ ਬੁੱਧ ਪੂਰਨਿਮਾ ਦੇ ਦਿਨ ਲੱਗੇਗਾ। ਜਿਸ ਦੇ ਪ੍ਰਭਾਵਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਭਵਿੱਖਬਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। 5 ਮਈ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ 'ਤੇ ਟੈਰੋ ਰੀਡਰ ਜੈਸਮੀਨ ਜੈਜ਼ ਨੇ ਕੁਝ ਸੁਝਾਅ ਦਿੱਤੇ ਹਨ।
ਇਸ ਨੂੰ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ: ਇਸ ਚੰਦਰ ਗ੍ਰਹਿਣ ਨੂੰ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ ਕਿਉਂਕਿ ਭਾਰਤ ਵਿਚ ਇਸ ਦਾ ਅਸਰ ਵਿਖਾਈ ਨਹੀਂ ਦੇਵੇਗਾ। ਜਦ ਕਿ ਹੋਰਨਾਂ ਦੇਸ਼ਾਂ ਵਿਚ ਇਸ ਚੰਦਰ ਗ੍ਰਹਿਣ ਦਾ ਸਿੱਧਾ ਪ੍ਰਭਾਵ ਪਵੇਗਾ। ਰਾਸ਼ੀਆਂ ਦੀ ਗੱਲ ਕਰੀਏ ਤਾਂ ਮੇਖ, ਤੁਲਾ ਅਤੇ ਧਨੁ ਰਾਸ਼ੀਆਂ ਵਾਲੇ ਜਾਤਕਾਂ 'ਤੇ ਇਸ ਦਾ ਸਿੱਧਾ ਪ੍ਰਭਾਵ ਪਵੇਗਾ। ਮਕਰ ਰਾਸ਼ੀ ਵਾਲਿਆਂ ਲਈ ਇਹ ਚੰਦਰ ਗ੍ਰਹਿਣ ਲਾਭ ਨਾਲ ਭਰਪੂਰ ਹੋਵੇਗਾ ਕਿਉਂਕਿ ਉਹਨਾਂ ਦੇ ਸਾਰੇ ਵਿਗੜੇ ਕੰਮ ਬਣ ਜਾਣਗੇ ਅਤੇ ਕਈ ਚਿਰਾਂ ਤੋਂ ਲਟਕੇ ਆ ਰਹੇ ਕੰਮ ਪੂਰੇ ਹੋਣਗੇ।
ਚੰਦਰ ਗ੍ਰਹਿਣ ਦੌਰਾਨ ਮੰਦਿਰ ਦੇ ਦੁਆਰ ਨਾ ਖੋਲ੍ਹੇ ਜਾਣ: 5 ਮਈ ਰਾਤ 8-45 ਤੋਂ 1 ਵਜੇ ਤੱਕ ਮੰਦਿਰ ਦੇ ਦੁਆਰ ਬੰਦ ਰੱਖੇ ਜਾਣ ਅਤੇ ਕੋਈ ਵੀ ਦੁਆਰ ਖੁੱਲ੍ਹਾ ਨਹੀਂ ਰਹਿਣਾ ਚਾਹੀਦਾ। ਜੇਕਰ ਘਰਾਂ ਦੇ ਅੰਦਰ ਮੰਦਰ ਬਣਾਏ ਗਏ ਹਨ ਤਾਂ ਉਸ ਦੇ ਅੱਗੇ ਪਰਦਾ ਲਗਾ ਦਿੱਤਾ ਜਾਵੇ ਅਤੇ ਪੂਜਾ ਸਥਾਨ ਦੇ ਦੁਆਰ ਬੰਦ ਕਰ ਦਿੱਤੇ ਜਾਣ। ਗਰਭਵਤੀ ਔਰਤਾਂ ਵਾਸਤੇ ਚੰਦਰ ਗ੍ਰਹਿਣ ਸ਼ੁਭ ਨਹੀਂ ਹੁੰਦਾ। ਗ੍ਰਹਿਣ ਦੌਰਾਨ ਉਹਨਾਂ ਦਾ ਕੁਝ ਵੀ ਖਾਣਾ, ਬੂਟਿਆਂ ਨੂੰ ਛੂਹਣਾ ਅਤੇ ਘਰੋਂ ਬਾਹਰ ਨਿਕਲਣਾ ਬਿਲਕੁਲ ਵੀ ਠੀਕ ਨਹੀਂ ਹੁੰਦਾ ਅਕਸਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ। ਗ੍ਰਹਿਣ ਦੇ ਸਮੇਂ ਕਿਸੇ ਵੀ ਬੱਚੇ ਦਾ ਜਨਮ ਹੋਣ ਨਾਲ ਉਸ ਨੂੰ ਗ੍ਰਹਿਣ ਦੋਸ਼ੀ ਠਹਿਰਾਇਆ ਜਾਂਦਾ ਹੈ।