ਚੰਡੀਗੜ੍ਹ: ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਗੈਂਗਸਟਰ ਵੱਡੇ-ਵੱਡੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਫੋਨ 'ਤੇ ਫਿਰੌਤੀ ਮੰਗਣ ਦੀਆਂ ਧਮਕੀਆਂ ਦਿੰਦੇ ਹਨ। ਪਰ ਜਦੋਂ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਉਨ੍ਹਾਂ ਨੂੰ ਧਮਕਾਉਣ ਲੱਗ ਜਾਵੇ ਤਾਂ ਇਸ ਨੂੰ ਕੀ ਕਿਹਾ ਜਾਵੇ ? ਦਰਾਅਸਰ ਚੰਡੀਗੜ੍ਹ ਪੁਲਿਸ ਦੀ ਸੈਕਟਰ-39 ਚੌਕੀ ਦੇ ਐਸਐਚਓ ਨਵੀਨ ਫੋਗਾਟ ਅਤੇ ਉਸ ਦੇ ਸਾਥੀਆਂ ਨੇ ਬਠਿੰਡਾ ਦੇ ਇੱਕ ਨਾਮੀ ਕਾਰੋਬਾਰੀ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣਾ ਆਇਆ ਹੈ। ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਹਨਾਂ ਤੋਂ 75 ਲੱਖ ਰੁਪਏ ਵੀ ਬਰਾਮਦ ਹੋਏ ਹਨ।
ਚੰਡੀਗੜ੍ਹ ਪੁਲਿਸ ਨੇ ਦੱਬ ਦਿੱਤਾ ਸੀ ਮਾਮਲਾ: ਜਾਣਕਾਰੀ ਅਨੁਸਾਰ ਸੈਕਟਰ-39 ਦੇ ਐਸਐਚਓ ਨਵੀਨ ਫੋਗਾਟ ਨੇ ਆਪਣੇ ਹੋਰ ਪੁਲਿਸ ਸਾਥੀਆਂ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਬਠਿੰਡਾ ਦੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਲੁੱਟ ਲਏ ਸਨ ਤੇ ਇਸ ਮਾਮਲੇ ਨੂੰ ਚੰਡੀਗੜ੍ਹ ਪੁਲਿਸ ਨੇ ਵੀ ਦਬਾ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਉਜ਼ਾਗਰ ਹੋਇਆ ਜਦੋਂ ਇਸ ਦੀ ਸ਼ਿਕਾਇਤ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਤੱਕ ਪਹੁੰਚੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੈਕਟਰ-39 ਥਾਣੇ ਵਿੱਚ ਹੀ ਨਵੀਨ ਫੋਗਾਟ ਅਤੇ ਉਹਨਾਂ ਦੇ ਸਾਥੀਆਂ ਉਤੇ ਮਾਮਲਾ ਦਰਜ ਕੀਤਾ।
ਐੱਸਐੱਸਪੀ ਕੰਵਰਦੀਪ ਕੌਰ ਨੇ ਕੀਤੀ ਪ੍ਰੈੱਸ ਕਾਨਫਰੰਸ: ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੈਕਟਰ-41 ਦੀ ਪੁਲਿਸ ਟੀਮ ਨੂੰ ਬਠਿੰਡਾ ਦੇ ਕਾਰੋਬਾਰੀਆਂ ਤੋਂ 2000 ਰੁਪਏ ਦੇ ਨੋਟ ਬਦਲ ਕੇ 1 ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਅਤੇ ਕਾਂਸਟੇਬਲ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮੁਲਜ਼ਮਾਂ ਤੋਂ ਲੁੱਟ ਦੇ 75 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਕਾਂਸਟੇਬਲ ਵਰਿੰਦਰ ਦੀ ਫੋਟੋ ਸੈਕਟਰ-39 ਥਾਣੇ ਵਿੱਚ ਚੰਗੇ ਕੰਮ ਲਈ ਚਿਪਕਾਈ ਹੋਈ ਹੈ। ਸ਼ਿਕਾਇਤਕਰਤਾ ਨੇ ਫੋਟੋ ਵਿੱਚ ਕਾਂਸਟੇਬਲ ਵਰਿੰਦਰ ਨੂੰ ਪਛਾਣ ਲਿਆ ਤੇ ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋ ਸਕੀ ਹੈ।