ਚੰਡੀਗੜ੍ਹ: ਰਾਜਧਾਨੀ ਵਿੱਚ ਅੱਜ ਬਿਜਲੀ ਕਾਮੇ ਤਿੰਨ ਦਿਨਾਂ ਦੀ ਹੜਤਾਲ ’ਤੇ ਚਲੇ ਗਏ ਹਨ। 22-23-24 ਫ਼ਰਵਰੀ ਨੂੰ ਹੜਤਾਲ ਜਾਰੀ ਰਹੇਗੀ। ਇਹ ਹੜਤਾਲ ਵਿਭਾਗ ਦੇ ਨਿੱਜੀਕਰਨ (Chandigarh Electricity Union On Strike) ਵਿਰੁੱਧ ਕੀਤੀ ਜਾ ਰਹੀ ਹੈ। ਇਸ ਦੌਰਾਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਭਾਵੇਂ ਸ਼ਹਿਰ ਵਿੱਚ ਬਿਜਲੀ ਚਾਲੂ ਰਹੇਗੀ ਪਰ ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਨੂੰ ਮੁਲਾਜ਼ਮਾਂ ਵੱਲੋਂ ਹੱਲ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਬਿਜਲੀ ਕਾਮਿਆਂ ਦੀ ਹੜਤਾਲ ਮਾਮਲੇ 'ਚ ਹਾਈਕੋਰਟ ਨੇ ਸੁਓ-ਮੋਟੋ ਲਿਆ ਹੈ। ਚੀਫ ਇੰਜੀਨੀਅਰ ਨੂੰ ਤਲਬ ਕਰ ਦਿੱਤਾ ਗਿਆ ਹੈ। ਹੜਤਾਲ ਕਾਰਨ ਚੰਡੀਗੜ੍ਹ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ ਹੈ।
ਹੜਤਾਲ ਬਾਰੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੋ ਹੜਤਾਲ ਬਿਜਲੀ ਕਾਮੇ ਕਰ ਰਹੇ ਹਨ, ਉਹ ਸਹੀ ਨਹੀਂ ਹੈ। ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਕਾਮਿਆਂ ਨੂੰ ਹੜਤਾਲ ਨਾ ਕਰਨ ਅਤੇ ਆਪਣੇ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਸਬੰਧੀ ਸਮੱਸਿਆਵਾਂ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਇਸ 'ਤੇ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਇਲਾਕੇ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ:ਰੇਲਵੇ ਟਰੈਕ ਤੋਂ 10 ਸਾਲਾਂ ਬੱਚੀ ਦੀ ਲਾਸ਼ ਬਰਾਮਦ