ਚੰਡੀਗੜ੍ਹ: ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਨਾਮ ਇਸ ਸਮੇਂ ਜ਼ੁਰਮ ਦੀ ਦੁਨੀਆਂ ਵਿੱਚ ਤਾਂ ਸਿਖ਼ਰ ਉੱਤੇ ਹੈ ਪਰ ਉਸ ਦਾ ਨਾਮ ਚੰਡੀਗੜ੍ਹ ਡੀਏਵੀ ਕਾਲਜ ਦੇ ਐਲੂਮਨੀ ਵਿਦਿਆਰਥੀਆਂ ਦੀ ਲਿਸਟ ਵਿੱਚ ਵੀ ਤੀਜੇ ਨੰਬਰ ਉੱਤੇ ਚੱਲ ਰਿਹਾ ਹੈ। ਇਸ ਮੁੱਦੇ ਨੂੰ ਚੁੱਕਦਿਆਂ NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ (NSUI President Isharpreet Singh) ਨੇ ਸਖ਼ਤ ਵਿਰੋਧ ਕਰਦਿਆਂ ਕਾਲਜ ਨੂੰ ਆਪਣੀ ਲਿਸਟ ਵਿੱਚੋਂ ਲਾਰੈਂਸ ਬਿਸ਼ਨੋਈ ਦਾ ਨਾਮ ਹਟਾਉਣ ਦੀ ਮੰਗ ਕੀਤੀ।
ਕਾਲਜ ਨੇ ਗੂਗਲ ਨੂੰ ਲਿਖੀ ਚਿੱਠੀ: NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਨੇ ਚੰਡੀਗੜ੍ਹ ਪਹੁੰਚ ਕੇ ਡੀਏਵੀ ਕਾਲਜ ਦੀ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਈਸ਼ਰਪ੍ਰੀਤ ਸਿੰਘ ਮੁਤਾਬਿਕ ਕਾਲਜ ਪ੍ਰਿੰਸੀਪਲ ਸਮੇਤ ਬਾਕੀ ਪ੍ਰਬੰਧਕ ਵੀ ਇਸ ਮਾਮਲੇ ਨੂੰ ਲੈਕੇ ਹੈਰਾਨ ਨੇ ਅਤੇ ਉਨ੍ਹਾਂ ਨੇ ਲਿਸਟ ਵਿੱਚੋਂ ਨਾਮ ਹਟਾਉਣ ਦੀ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਹੈ। ਈਸ਼ਰਪ੍ਰੀਤ ਨੇ ਇਹ ਵੀ ਕਿਹਾ ਕਿ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲਾਰੈਂਸ ਕਿਸੇ ਸਮੇਂ ਡੀਏਵੀ ਕਾਲਜ ਦਾ ਵਿਦਿਆਰਥੀ ਸੀ ਪਰ ਜੇਕਰ ਐਲੂਮਨੀ ਵਿਦਿਆਰਥੀਆਂ ਦੀ ਲਿਸਟ ਵਿੱਚ ਉਸ ਦਾ ਨਾਮ ਆਉਣਾ ਕਾਲਜ ਦੇ ਅਕਸ ਲਈ ਵੀ ਸਹੀ ਨਹੀਂ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਚੰਗਾ ਸੁਨੇਹਾ ਜਾਵੇਗਾ।