ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। 3 ਮਈ ਤੱਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਕਰਫਿਊ ਹਟਾ ਦਿੱਤਾ ਹੈ ਅਤੇ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਵਿੱਚ ਸਬਜ਼ੀ ਮੰਡੀ ਦੇ ਨਾਲ ਲੱਗਦੇ ਬਾਪੂ ਧਾਮ ਕਲੋਨੀ ਵਿੱਚੋਂ ਕਾਫੀ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਬਜ਼ੀ ਮੰਡੀ ਨੂੰ ਇੰਟਰ ਸਟੇਟ ਬੱਸ ਟਰਮੀਨਲ ਸੈਕਟਰ-17 ਵਿੱਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਹੈ।
ਇਸ ਦੇ ਲਈ ਵੈਂਡਰਾਂ ਨੂੰ ਸੈਕਟਰ-17 ਬੱਸ ਸਟੈਂਡ ਵਿੱਚ ਪਾਸ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵੈਂਡਰਾਂ ਦੇ ਫੋਨ ਨੰਬਰ ਵੇਟਿੰਗ ਲਿਸਟ ਵਿੱਚ ਰਜਿਸਟਰ ਹਨ ਉਨ੍ਹਾਂ ਨੂੰ ਫੋਨ ਕਰਕੇ ਬੱਸ ਸਟੈਂਡ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉੱਥੇ ਹੀ ਅੱਗੇ ਬੱਸ ਸਟੈਂਡ ਤੋਂ ਸਬਜ਼ੀ ਸਪਲਾਈ ਲਈ ਪਾਸ ਦਿੱਤੇ ਜਾ ਰਹੇ ਹਨ।
ਪਾਸ ਬਣਾ ਕੇ ਜਾ ਰਹੇ ਇੱਕ ਵੈਂਡਰ ਨੇ ਦੱਸਿਆ ਕਿ ਉਹ ਪਹਿਲਾਂ ਸੈਕਟਰ 26 ਸਬਜ਼ੀ ਮੰਡੀ ਤੋਂ ਸਬਜ਼ੀਆਂ ਅਤੇ ਫਲ ਖਰੀਦ ਕੇ ਸੈਕਟਰਾਂ ਵਿੱਚ ਭੇਜਦੇ ਸਨ ਪਰ ਹੁਣ ਉਨ੍ਹਾਂ ਨੂੰ ਬਸ ਸਟੈਂਡ ਬੁਲਾਇਆ ਗਿਆ ਹੈ ਤੇ ਇੱਥੋਂ ਹੀ ਉਨ੍ਹਾਂ ਨੂੰ ਸਬਜ਼ੀਆਂ ਮਿਲਣਗੀਆਂ, ਜਿਹੜੀਆਂ ਅੱਗੇ ਉਹ ਸੈਕਟਰਾਂ ਵਿੱਚ ਜਾ ਕੇ ਵੇਚਣਗੇ।
ਉੱਥੇ ਹੀ ਕੁਝ ਲੋਕ ਜਿਨ੍ਹਾਂ ਨੂੰ ਪਾਸ ਨਹੀਂ ਮਿਲੇ ਉਹ ਵੀ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਰਜਿਸਟਰਡ ਫੋਨ ਨੰਬਰ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸੈਕਟਰ 26 ਦੀ ਮੰਡੀ ਤੋਂ ਸਬਜ਼ੀਆਂ ਲੈ ਕੇ ਵੇਚਦੇ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਕੰਮ ਬੰਦ ਹੋ ਜਾਵੇਗਾ ਕਿਉਂਕਿ ਉਨ੍ਹਾਂ ਦਾ ਬੱਸ ਸਟੈਂਡ ਦੇ ਅੰਦਰ ਐਂਟਰੀ ਦਾ ਕੋਈ ਪਾਸ ਨਹੀਂ ਬਣਿਆ।