ਚੰਡੀਗੜ੍ਹ: ਵਹੀਕਲਾਂ ਦੇ ਅੱਗੇ ਜਾਂ ਪਿੱਛੇ ਕਿਤੇ ਵੀ ਆਪਣਾ ਨਾਮ ਜਾਂ ਫਿਰ ਅਹੁਦੇ ਬਾਰੇ ਲਿਖਵਾਇਆ ਹੋਇਆ ਹੈ ਤਾਂ ਹੁਣ ਵੱਡਾ ਚਲਾਨ ਕੀਤਾ ਜਾਵੇਗਾ। ਇਹ ਫੈਸਲਾ ਮੋਟਰ ਵਹੀਕਲ ਐਕਟ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤਾ ਗਿਆ। ਕੋਰਟ ਵੱਲੋਂ ਕਿਹਾ ਗਿਆ ਹੈ ਕਿ ਗੱਡੀ ਦੇ ਉੱਤੇ ਕਿਸੇ ਵੀ ਪ੍ਰੋਫੈਸ਼ਨ ਨਾਲ ਜੁੜੇ ਅਹੁਦੇ ਦੇ ਨਿਸ਼ਾਨਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
ਵਹੀਕਲ 'ਤੇ ਨਾਂਅ ਜਾਂ ਪ੍ਰੋਫੈਸ਼ਨ ਲਿਖਿਆ ਤਾਂ ਕੱਟਿਆ ਜਾਵੇਗਾ ਚਲਾਨ - ਪੰਜਾਬ ਅਤੇ ਹਰਿਆਣਾ ਹਾਈਕੋਰਟ
ਮੋਟਰ ਵਹੀਕਲ ਐਕਟ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਵਹੀਕਲ 'ਤੇ ਆਪਣਾ ਨਾਂਅ ਜਾਂ ਅਹੁਦਾ ਲਿਖਣ 'ਤੇ ਚਲਾਨ ਕੱਟਿਆ ਜਾਵੇਗਾ।
ਇਸ ਬਾਰੇ ਸੀਨੀਅਰ ਵਕੀਲ ਪੰਕਜ ਜੈਨ ਨੇ ਦੱਸਿਆ ਕਿ ਆਮ ਤੌਰ 'ਤੇ ਵੇਖਣ ਨੂੰ ਮਿਲਦਾ ਹੈ ਕਿ ਲੋਕ ਗੱਡੀਆਂ ਦੇ ਉੱਤੇ ਆਪਣਾ ਅਹੁਦਾ ਜਿਵੇਂ ਪ੍ਰੈੱਸ, ਡਾਕਟਰ, ਐਡਵੋਕੇਟ, ਹਾਈਕੋਰਟ ਜਸਟਿਸ, ਚੇਅਰਮੈਨ, ਪ੍ਰਧਾਨ ਵਰਗੇ ਸਟੀਕਰ ਲਿਖਵਾ ਲੈਂਦੇ ਹਨ ਪਰ ਹੁਣ ਉਹ ਨਹੀਂ ਲਗਾਏ ਜਾ ਸਕਦੇ। ਉਨ੍ਹਾਂ 'ਤੇ ਮੋਟਰ ਵਹੀਕਲ ਐਕਟ ਦੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਵਕੀਲ ਜੈਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਾਂਸਦ, ਵਿਧਾਇਕ, ਮੇਅਰ, ਕੌਂਸਲਰ, ਪੁਲਿਸ, ਆਰਮੀ ਤੇ ਭਾਰਤ ਸਰਕਾਰ ਜਾਂ ਕਿਸੇ ਵੀ ਸੂਬਾ ਸਰਕਾਰ, ਰਾਜਨੀਤਿਕ ਪਾਰਟੀ ਦਾ ਨਾਮ ਜਾਂ ਫਿਰ ਝੰਡੀ ਲਗਾ ਕੇ ਚੱਲਣ ਵਾਲੇ ਸਾਰੇ ਵਾਹਨ ਚਲਾਨ ਦੇ ਅੰਦਰ ਆਉਣਗੇ। ਕੋਰਟ ਨੇ ਕਿਹਾ ਕਿ ਲਿਖੇ ਗਏ ਸ਼ਬਦ ਅਤੇ ਚਿੰਨ੍ਹ ਟ੍ਰੈਫਿਕ ਰੂਲਜ਼ ਦੇ ਉਲੰਘਣ ਹੇਠ ਆਉਂਦੇ ਹਨ ਅਤੇ ਵੀਆਈਪੀ ਕਲਚਰ ਨੂੰ ਵਧਾਉਂਦੇ ਹਨ।
ਵਕੀਲ ਨੇ ਦੱਸਿਆ ਕਿ ਇਹ ਨਿਯਮ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਖੇ ਲਾਗੂ ਹੋਣਗੇ ਅਤੇ ਨਾਲ ਹੀ ਨਿੱਜੀ ਵਾਹਨਾਂ ਨੂੰ ਕੋਈ ਛੂਟ ਨਹੀਂ ਦਿੱਤੀ ਜਾਵੇਗੀ ਜਦਕਿ ਐਮਰਜੇਂਸੀ ਵਾਹਨ ਜਿਵੇਂ ਕਿ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲੀਸ ਪੀਸੀਆਰ ਨੂੰ ਇਸ ਤੋਂ ਅਲੱਗ ਰੱਖਿਆ ਜਾਵੇਗਾ। ਜੇ ਕੋਈ ਵਾਹਨ ਬਿਮਾਰ ਵਿਅਕਤੀ ਨੂੰ ਲੈ ਕੇ ਜਾਂਦਾ ਤਾਂ ਉਸ ਨੂੰ ਐਂਬੂਲੈਂਸ ਦੀ ਸ਼੍ਰੇਣੀ 'ਚ ਹੀ ਮੰਨਿਆ ਜਾਂਦਾ ਹੈ ਪਰ ਗੱਡੀਆਂ ਦੇ ਉੱਤੇ ਪਾਰਕਿੰਗ ਦਾ ਸਟਿੱਕਰ ਲਗਾਏ ਰੱਖਣ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ।