ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਕੋਸ਼ਿਸ਼ਾਂ ਸਦਕਾ ਕੇਂਦਰ ਨੇ ਬੁੱਧਵਾਰ ਨੂੰ ਸਾਉਣੀ ਦੇ 2019-20 ਖ਼ਰੀਦ ਸੀਜ਼ਨ ਦੌਰਾਨ ਅਕਤੂਬਰ ਮਹੀਨੇ ਹੋਣ ਵਾਲੀ ਝੋਨੇ ਦੀ ਖ਼ਰੀਦ ਵਾਸਤੇ ਨਗਦ ਕਰਜ਼ਾ ਹੱਦ (ਸੀ ਸੀ ਐਲ) ਦੇ 26707.50 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅਕਤੂਬਰ 2019 ਦੇ ਅੰਤ ਤੱਕ ਲਈ ਸੀ ਸੀ ਐਲ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਕਿਸਾਨਾਂ ਨੂੰ ਫ਼ਸਲ ਵੇਚਣ ਬਦਲੇ ਤੁਰੰਤ ਭੁਗਤਾਨ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਨਿੱਜੀ ਤੌਰ ਉਤੇ ਸੀ ਸੀ ਐਲ ਜਲਦੀ ਜਾਰੀ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਰੱਖ ਰਹੇ ਸਨ।
ਇਹ ਵੀ ਪੜ੍ਹੋਂ: ਦਿੱਲੀ ਵਿੱਚ ਪਿਆਜ਼ ਤੋਂ ਬਾਅਦ ਹੁਣ ਟਮਾਟਰ ਪਹੁੰਚਿਆ 80 ਰੁਪਏ ਕਿਲੋ
ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਅਤੇ ਇਸ ਦੀ ਚਾਲ ਉੱਤੇ ਤਸੱਲੀ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਨਿਰਦੇਸ ਦਿੱਤੇ ਹਨ, ਕਿ ਝੋਨੇ ਦੀ ਲਿਫਟਿੰਗ ਤੁਰੰਤ ਹੋਵੇ ਅਤੇ ਕਿਸਾਨਾਂ ਨੂੰ ਤੈਅ ਸਮੇਂ ਅੰਦਰ ਵੇਚੀ ਫਸਲ ਦਾ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਹੁਣ ਤੱਕ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਕੁਲ 3,26,839 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਵਿਚ ਪਨਗ੍ਰੇਨ ਨੇ 1,27,575 ਮੀਟਰਿਕ ਟਨ, ਮਾਰਕਫੈਡ ਨੇ 80025 ਮੀਟਰਿਕ ਟਨ, ਪਨਸਪ ਨੇ 48387 ਮੀਟਰਿਕ ਟਨ ਅਤੇ ਪੀ.ਐਸ.ਡਬਲਯੂ.ਸੀ. ਨੇ 38116 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਸੇ ਤਰਾਂ ਐਫ.ਸੀ.ਆਈ. ਨੇ 5627 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਦੀਆਂ ਮੰਡੀਆਂ ਵਿਚ ਨਿਰਵਿਘਨ ਅਤੇ ਪ੍ਰੇਸ਼ਾਨੀ ਮੁਕਤ ਖਰੀਦ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਝੋਨੇ ਦੀ ਖੇਤੀ ਅਧੀਨ 29.20 ਲੱਖ ਹੈਕਟੇਅਰ ਰਕਬਾ ਹੋਣ ਦੇ ਮੱਦੇਨਜਰ ਇਸ ਸੀਜਨ ਦੌਰਾਨ ਸੂਬੇ ਵਲੋਂ 170 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਹੈ।
ਪਿਛਲੇ ਸਾਉਣੀ ਖਰੀਦ ਸੀਜਨ 2018-19 ਦੌਰਾਨ ਕੁੱਲ 170.18 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਜਿਸ ਵਿਚੋਂ 169.10 ਲੱਖ ਮੀਟਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਸੀ ਜਦਕਿ ਨਿੱਜੀ ਮਿੱਲ ਮਾਲਕਾਂ ਵਲੋਂ ਸਿਰਫ 1.08 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਮੌਜੂਦਾ ਸਾਉਣੀ ਖਰੀਦ ਸੀਜ਼ਨ 2019-20 ਦੌਰਾਨ ਸੂਬੇ ਦੀਆਂ ਖਰੀਦ ਏਜੰਸੀਆਂ ਵਲੋਂ 161.50 ਲੱਖ ਮੀਟਰਿਕ ਟਨ ਅਤੇ ਐਫ.ਸੀ.ਆਈ. ਵੱਲੋਂ 8.50 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾਵੇਗੀ।