ਪੰਜਾਬ ਨੂੰ ਹਾੜ੍ਹੀ ਲਈ 19,240.91 ਕਰੋੜ ਰੁਪਏ ਦੀ ਸੀ.ਸੀ.ਐਲ ਮਨਜ਼ੂਰ - pmo
ਆਰ.ਬੀ.ਆਈ ਨੇ ਪੰਜਾਬ ਚ ਕਣਕ ਦੀ ਖਰੀਦ ਲਈ ਕਰਜ਼ੇ ਨੂੰ ਦਿੱਤੀ ਪ੍ਰਵਾਨਗੀ । ਹਾੜੀ ਦਾ ਸੀਜ਼ਨ 1 ਅਪ੍ਰੈਲ ਤੋਂ 25 ਮਈ ਤੱਕ ਚੱਲੇਗਾ।
ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਹਾੜੀ ਦੇ ਆਗਾਮੀ ਮੰਡੀਕਰਨ ਸੀਜ਼ਨ ਲਈ ਕਣਕ ਦੀ ਖਰੀਦ ਵਾਸਤੇ ਪੰਜਾਬ ਨੂੰ 19,240.91 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਖਰੀਦ ਕਰਨ ਵਾਸਤੇ ਮੰਗੀ ਗਈ ਸੀ.ਸੀ.ਐਲ. ਰਾਸ਼ੀ ਵਿੱਚੋਂ ਕੇਂਦਰੀ ਬੈਂਕ ਦੁਆਰਾ ਇਹ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।ਇਕ ਸਰਕਾਰੀ ਬੁਲਾਰੇ ਅਨੁਸਾਰ ਸੀ.ਸੀ.ਐਲ ਜਾਰੀ ਕਰਨ ਨਾਲ ਸੂਬਾ ਸਰਕਾਰ ਨੂੰ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ’ਚ ਮਦਦ ਮਿਲੇਗੀ। ਹਾੜੀ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਜੋ 25 ਮਈ ਤੱਕ ਚੱਲੇਗਾ।
ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਜੋ ਕਿ ਪਿਛਲੇ ਸਾਲ ਦੇ 1735 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 105 ਰੁਪਏ ਪ੍ਰਤੀ ਕੁਇੰਟਲ ਵੱਧ ਹੈ।ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਅਦ ਦੁਪਹਿਰ ਕਣਕ ਦੀ ਨਿਰਵਿਘਨ ਖਰੀਦ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਆਖਿਆ।