ਚੰਡੀਗੜ੍ਹ: ਸੀਬੀਆਈ ਵੱਲੋਂ ਮੰਗਲਵਾਰ ਨੂੰ ਪੰਜਾਬ ਦੀਆਂ ਵੱਖ ਵੱਖ ਖਰੀਦ ਏਜੰਸੀਆਂ ਦੇ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਸੀਬੀਆਈ ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਦੇ ਅਧਿਕਾਰੀਆਂ ਦੇ ਗੋਦਾਮਾਂ ਉੱਤੇ ਰਾਜਪੁਰਾ, ਪਟਿਆਲਾ, ਸਰਹਿੰਦ, ਫਤਿਹਗੜ੍ਹ ਸਾਹਿਬ, ਮੋਹਾਲੀ, ਸੁਨਮ, ਮੋਗਾ, ਫ਼ਿਰੋਜ਼ਾਪੁਰ, ਲੁਧਿਆਣਾ, ਸੰਗਰੂਰ ਸਮੇਤ ਪੰਜਾਬ ਦੇ 30 ਤੋਂ ਵੱਧ ਸਥਾਨਾਂ ਉੱਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਦੇ ਇੱਕ ਸੂਤਰ ਨੇ ਕਿਹਾ ਹੈ ਕਿ ਸੀਬੀਆਈ ਵੱਡੀ ਰਿਸ਼ਵਤ ਦੇ ਭੁਗਤਾਨ ਨੂੰ ਲੈ ਕੇ ਐਫਸੀਆਈ ਅਧਿਕਾਰੀਆਂ ਅਤੇ ਪ੍ਰਾਈਵੇਟ ਰਾਈਸ ਮਿੱਲਰਾਂ ਅਤੇ ਅਨਾਜ ਵਪਾਰੀਆਂ ਦੇ ਗੋਦਾਮਾਂ ਉੱਤੇ 30 ਤੋਂ ਵੱਧ ਥਾਵਾਂ 'ਤੇ ਤਲਾਸ਼ੀ ਲੈ ਰਹੀ ਹੈ।
ਬੀਤੇ ਦਿਨ ਤੋਂ ਚੱਲ ਰਹੀ ਛਾਪੇਮਾਰੀ: ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਨੇ ਇਹ ਛਾਪੇਮਾਰੀ ਦਾ ਅਭਿਆਨ ਸੀਆਰਪੀਐੱਫ਼ ਦੀ ਮਦਦ ਨਾਲ ਪਿਛਲੇ ਦਿਨ ਤੋਂ ਚਲਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਾਜ਼ਿਲਕਾ ਅਤੇ ਹੋਰ ਕਈ ਇਲਾਕਿਆਂ ਵਿੱਚ ਸੀਬੀਆਈ ਨੇ ਪਨਗ੍ਰੇ੍ਨ ਸਮੇਤ ਵੱਖ ਵੱਖ ਖ਼ਰੀਦ ਏਜੰਸੀਆਂ ਕੋਲ ਭੰਡਾਰਣ ਕੀਤੇ ਕਣਕ ਅਤੇ ਚੌਲਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਹਨ । ਸੀਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਜਿੱਥੇ ਅਨਾਜ ਦੀ ਜਮ੍ਹਾਖੋਰੀ ਦੇ ਮੱਦੇਨਜ਼ਰ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਕੁੱਝ ਖਰੀਦ ਏਜੰਸੀਆਂ ਅਨਾਜ ਦੀ ਬਹੁਤ ਜ਼ਿਆਦਾ ਘਾਟ ਨੂੰ ਪੂਰਾ ਕਰਨ ਲਈ ਘਟੀਆ ਪੱਧਰ ਦੀ ਕਣਕ ਅਤੇ ਚਾਵਲ ਲੋਕਾਂ ਨੂੰ ਪਰੋਸ ਰਹੇ ਹਨ ਜਿਸ ਕਰਕੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ।