ਚੰਡੀਗੜ੍ਹ: ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਵ. ਸਤਿਗੁਰੂ ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ (88) ਦੇ ਕਤਲ ਮਾਮਲੇ ਵਿੱਚ ਸੀਬੀਆਈ ਨੇ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਵੀਰਵਾਰ ਨੂੰ ਪਲਵਿੰਦਰ ਸਿੰਘ ਡਿੰਪਾ ਨੂੰ ਹਿਰਾਸਤ ਵਿੱਚ ਲਿਆ, ਜੋ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਜਲੰਧਰ ਟਿਫ਼ਿਨ ਬੰਬ ਧਮਾਕੇ ਵਿੱਚ ਬੰਦ ਹੈ। ਇਸ ਨੂੰ ਮੁਹਾਲੀ ਸਥਿਤ ਜੀ.ਐਸ. ਸੇਖੋਂ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ 30 ਸਤੰਬਰ ਤੱਕ ਇਸ ਨੂੰ ਰਿਮਾਂਡ ਉੱਤੇ ਭੇਜ ਦਿੱਤਾ ਗਿਆ।
ਦੱਸਣਯੋਗ ਹੈ ਕਿ 4 ਅਪ੍ਰੈਲ 2016 ਨੂੰ ਸ੍ਰੀ ਭੈਣੀ ਸਾਹਿਬ ਵਿੱਚ ਮਾਤਾ ਚੰਦ ਕੌਰ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ, ਜਿੱਥੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੱਥਾ ਟੇਕਣ ਦੇ ਬਹਾਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਮਾਤਾ ਚੰਦ ਕੌਰ ਨੂੰ ਗੰਭੀਰ ਹਾਲਤ ਵਿੱਚ ਐੱਸ.ਪੀ.ਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਕਤਲ ਕਾਂਡ ਦੀ ਜਾਂਚ ਸੀਬੀਆਈ ਦੇ ਸਪੁਰਦ ਕਰ ਦਿੱਤੀ ਗਈ ਸੀ, ਪਰ ਇਹ ਕੇਸ ਅਣਸੁਲਝਿਆ ਸੀ।
ਇਹ ਘਟਨਾ ਗੁਰਦੁਆਰਾ ਭੈਣੀ ਸਾਹਿਬ ਵਿੱਖੇ ਵਾਪਰੀ ਸੀ, ਜੋ ਲੁਧਿਆਣਾ ਤੋਂ 30 ਕਿਲੋਮੀਟਰ ਦੂਰੀ 'ਤੇ ਸਥਿਤ ਹੈ।
ਇਹ ਵੀ ਪੜ੍ਹੋਂ: 1984 ਸਿੱਖ ਦੰਗੇ : ਜਗਦੀਸ਼ ਟਾਇਟਲਰ ਦੀ ਵੱਧ ਸਕਦੀਆਂ ਹਨ ਮੁਸ਼ਿਕਲਾਂ