ਚੰਡੀਗੜ੍ਹ: ਇੱਕ ਪਾਸੇ ਜਿਥੇ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਸਹੂਲਤਾਂ ਤੇ ਸਬਸਿਡੀ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਸੂਬੇ 'ਚ ਲਗਾਤਾਰ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਅੱਗ ਦੇ ਵੱਧ ਰਹੇ ਇਹ ਮਾਮਲੇ ਸਰਕਾਰ ਦੇ ਦਾਅਵਿਆਂ ਦਾ ਨੱਕ ਚਿੜਾ ਰਹੇ ਹਨ। ਪੰਜਾਬ 'ਚ ਬੀਤੀ 26 ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ 589 ਮਾਮਲੇ ਪਰਾਲੀ ਨੂੰ ਅੱਗ ਲੱਗਣ ਦੇ ਸਾਹਮਣੇ ਆਏ ਹਨ। ਜਦਕਿ ਇਸ ਤੋਂ ਘੱਟ ਮਹਾਰਾਸ਼ਟਰ 'ਚ 320 ਮਾਮਲੇ ਦਰਜ ਕੀਤੇ ਗਏ ਹਨ।
ਪੰਜਾਬ 'ਚ ਹੁਣ ਤੱਕ ਸਭ ਤੋਂ ਵੱਧ ਮਾਮਲੇ: ਰੀਅਲ ਟਾਈਮ ਮੋਨੀਟਰਿੰਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਇਹ ਮਾਮਲੇ ਵੱਧਦੇ ਜਾ ਰਹੇ ਹਨ। ਇਕੱਲੇ 15 ਸਤੰਬਰ ਤੋਂ ਲੈਕੇ ਜੇਕਰ 26 ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ 'ਚ ਕੁੱਲ 3293 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਬਾਕੀ ਸੂਬਿਆਂ 'ਚ ਇਹ ਮਾਮਲੇ ਬਹੁਤ ਘੱਟ ਹਨ। ਉਥੇ ਹੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਿਰਫ਼ 2 ਮਾਮਲੇ ਹੀ ਸਾਹਮਣੇ ਆਏ ਹਨ।
26 ਅਕਤੂਬਰ ਨੂੰ ਅੱਗ ਦੀਆਂ ਸੈਟੇਲਾਈਟ ਤਸਵੀਰਾਂ ਪਿਛਲੇ ਦਸ ਦੇ ਇਹ ਹਨ ਅੰਕੜੇ: ਉਥੇ ਹੀ ਪੰਜਾਬ ਦੀ ਪਿਛਲੇ ਦਸ ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਵੱਡੀ ਗਿਣਤੀ 'ਚ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ 26 ਅਕਤੂਬਰ ਦੀ ਗੱਲ ਕਰੀਏ ਤਾਂ 589 ਮਾਮਲੇ, 25 ਅਕਤੂਬਰ ਨੂੰ 398, 24 ਅਕਤੂਬਰ ਨੂੰ 360 ਮਾਮਲੇ, 23 ਅਕਤੂਬਰ ਨੂੰ 152 ਮਾਮਲੇ ਸਾਹਮਣੇ ਆਏ, 22 ਅਕਤੂਬਰ ਨੂੰ ਸਿਰਫ਼ 30 ਮਾਮਲੇ, 21 ਅਕਤੂਬਰ ਨੂੰ 146 ਮਾਮਲੇ, 20 ਅਕਤੂਬਰ ਨੂੰ 174 ਮਾਮਲੇ, 19 ਅਕਤੂਬਰ ਨੂੰ 37 ਮਾਮਲੇ ਦਰਜ, 18 ਅਕਤੂਬਰ ਨੂੰ 18 ਅਤੇ 17 ਅਕਤੂਬਰ ਨੂੰ ਸਿਰਫ਼ 01 ਮਾਮਲਾ ਪਰਾਲੀ ਨੂੰ ਅੱਗ ਲੱਗਣ ਦਾ ਸਾਹਮਣੇ ਆਇਆ ਸੀ।
ਛੇ ਸੂਬਿਆਂ ਦੇ ਪਰਾਲੀ ਨੂੰ ਅੱਗ ਦੇ ਅੰਕੜੇ ਬਾਕੀ ਸੂਬਿਆਂ 'ਚ ਵੀ ਲੱਗ ਰਹੀਆਂ ਅੱਗਾਂ: ਰੀਅਲ ਟਾਈਮ ਮੋਨੀਟਰਿੰਗ ਵਲੋਂ ਹਰਿਆਣਾ, ਯੂਪੀ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਅੰਕੜੇ ਵੀ ਜਾਰੀ ਕੀਤੇ ਗਏ ਹਨ। ਜਿਸ 'ਚ ਉਨ੍ਹਾਂ ਦੱਸਿਆ ਕਿ 15 ਸਤੰਬਰ ਤੋਂ ਲੈਕੇ 26 ਅਕਤੂਬਰ ਤੱਕ ਹਰਿਆਣਾ 'ਚ ਸਿਰਫ਼ 938 ਮਾਮਲੇ, ਯੂਪੀ 'ਚ 706 ਮਾਮਲੇ, ਮੱਧ ਪ੍ਰਦੇਸ਼ 'ਚ 1581 ਮਾਮਲੇ, ਰਾਜਸਥਾਨ 'ਚ 616 ਮਾਮਲੇ, ਜਦਕਿ ਦਿੱਲੀ 'ਚ ਹੁਣ ਤੱਕ ਸਿਰਫ਼ 02 ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਪਰਾਲੀ ਨੂੰ ਵੱਡੀ ਗਿਣਤੀ 'ਚ ਅੱਗਾਂ ਲਗਾਈਆਂ ਜਾ ਰਹੀਆਂ ਹਨ।