ਚੰਡੀਗੜ੍ਹ :ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਵੇਰਕਾ ਬੂਥ 'ਤੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਣ ਦੀ ਖਬਰ ਨਾਲ ਇਕ ਵਾਰ ਫਿਰ ਪੰਜਾਬ ਹਿੱਲ ਗਿਆ ਹੈ। ਗੈਸ ਲੀਕ ਗਿਆਸਪੁਰਾ ਦੇ ਸੁਆ ਰੋਡ 'ਤੇ ਸਥਿਤ ਫੈਕਟਰੀ ਵਿੱਚ ਹੋਈ ਹੈ, ਜਿਸ ਕਾਰਨ ਦਰਜਨਾਂ ਲੋਕ ਉਸ ਦੀ ਲਪੇਟ ਵਿੱਚ ਆਏ ਹਨ। ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਰ, ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਗੈਸ ਲੀਕ ਹੋਣ ਦੀਆਂ ਘਟਨਾਵਾਂ ਉੱਤੇ ਰੋਕ ਕਿਉਂ ਨਹੀਂ ਲੱਗ ਰਹੀ ਹੈ। ਲੰਘੇ ਸਾਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਗੈਸ ਲੀਕ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲਾਂਕਿ ਸਭ ਤੋਂ ਵੱਧ ਗੈਸ ਲੀਕ ਹੋਣ ਦੀਆਂ ਘਟਨਾਵਾਂ ਲੁਧਿਆਣਾ ਦੇ ਉਦਯੋਗਾਂ ਲਾਗੇ ਵਾਪਰੀਆਂ ਹਨ।
ਜਲੰਧਰ ਹੋਈ ਸੀ ਅਮੋਨੀਆ ਗੈਸ ਲੀਕ:ਲੰਘੇ ਸਾਲ ਜਲੰਧਰ ਵਿੱਚ ਅਮੋਨੀਆ ਗੈਸ ਲੀਕ ਹੋਈ ਸੀ। ਇਸ ਦੌਰਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਸੀ। ਦਰਅਸਲ ਇੱਥੇ 90 ਸਾਲ ਪੁਰਾਣਾ ਅਮੋਨੀਆ ਗੈਸ ਦਾ ਦੱਬਿਆ ਹੋਇਆ ਸਿਲੰਡਰ ਲੀਕ ਹੋਇਆ ਸੀ। ਇਹ ਸਿਲੰਡਰ ਧਰਤੀ ਹੇਠ ਦੱਬਿਆ ਹੋਇਆ ਸੀ। ਦੂਜੇ ਪਾਸੇ ਬਚਾਅ ਟੀਮਾਂ ਨੇ ਸਿਲੰਡਰ ਕਬਜ਼ੇ ਵਿੱਚ ਲੈ ਕੇ ਜਾਂਚ ਵੀ ਕੀਤੀ ਸੀ। ਦੱਸਿਆ ਗਿਆ ਕਿ ਕੋਠੀ ਵਾਲੀ ਥਾਂ ਬਰਫ਼ ਵਾਲੀ ਫੈਕਟਰੀ ਹੁੰਦੀ ਸੀ ਅਤੇ ਇਕ ਸਿਲੰਡਰ 90 ਸਾਲ ਤੋਂ ਜ਼ਮੀਨ ਵਿੱਚ ਦੱਬਿਆ ਪਿਆ ਸੀ। 9 ਦਹਾਕੇ ਪੁਰਾਣਾ ਸਿਲੰਡਰ ਹੋਣ ਕਾਰਨ ਇਹ ਖਾਸ ਧਾਤੂ ਦਾ ਬਣਿਆ ਹੋਇਆ ਸੀ ਤੇ ਖਰਾਬ ਹੋਣ ਕਾਰਨ ਇਸ ਵਿੱਚੋਂ ਗੈਸ ਲੀਕ ਹੋ ਗਈ ਸੀ।
ਲੁਧਿਆਣਾ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਈ ਸੀ ਗੈਸ ਲੀਕ:ਸਾਲ 2022 ਦੇ ਨਵੰਬਰ ਮਹੀਨੇ ਵਿੱਚ ਲੁਧਿਆਣਾ ਦੇ ਇਕ ਰਿਹਾਇਸ਼ੀ ਏਰੀਏ ਵਿਚ ਫੈਕਟਰੀ ਵਿਚ ਗੈਸ ਲੀਕ ਹੋਈ ਸੀ। ਇਹ ਹਾਦਸਾ ਤੜਕਸਾਰ ਹੋਇਆ ਸੀ ਅਤੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਸੀ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਏਜੰਸੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਸੀ। ਇਸ ਦੌਰਾਨ 5 ਲੋਕ ਬੇਹੋਸ਼ ਹੋਏ ਸਨ। ਇਹ ਹਾਦਸਾ ਥਾਣਾ ਸਾਹਨੇਵਾਲ ਇਲਾਕੇ 'ਚ ਇਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ ਹੋਇਆ ਸੀ। ਮੌਕੇ ਉੱਤੇ ਇਲਾਕਾ ਖਾਲੀ ਕਰਵਾਇਆ ਗਿਆ ਸੀ।