ਚੰਡੀਗੜ੍ਹ: ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਕਿਹਾ ਗਿਆ ਸੀ ਕਿ ਨੌਜਵਾਨਾਂ ਨੂੰ ਸਮਾਰਟਫ਼ੋਨ ਦਿੱਤੇ ਜਾਣਗੇ ਜਿਸ ਤੋਂ ਬਾਅਦ ਵਿੱਤ ਮੰਤਰੀ ਇਹ ਕਹਿੰਦੇ ਨਜ਼ਰ ਆਏ ਕਿ ਇਹ ਸਮਾਰਟਫ਼ੋਨ ਦੀ ਸ਼ੁਰੂਆਤ ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦੇ ਕੁੜੀਆਂ-ਮੁੰਡਿਆਂ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਸਮਾਰਟ ਫ਼ੋਨ ਵੰਡਣ ਦੀ ਤਰੀਕ ਨੂੰ ਅੱਗੇ ਵਧਾ ਕੇ ਦੀਵਾਲੀ ਕਰ ਦਿੱਤਾ ਗਿਆ ਤੇ ਬਾਅਦ ਵਿੱਚ 26 ਜਨਵਰੀ ਕਰ ਦਿੱਤਾ ਗਿਆ। ਪਰ ਅਜੇ ਤੱਕ ਪੰਜਾਬ ਵਿੱਚ ਕਿਸੇ ਨੌਜਵਾਨ ਨੂੰ ਕੈਪਟਨ ਦਾ ਸਮਾਰਟਫ਼ੋਨ ਨਹੀਂ ਮਿਲਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਸਦਨ ਵਿੱਚ ਸਮਾਰਟਫੋਨ ਨੂੰ ਲੈ ਕੇ ਇੱਕ ਨਵਾਂ ਹੀ ਹਾਸੋ ਹੀਣਾ ਬਿਆਨ ਦੇ ਦਿੱਤਾ। ਮੁੱਖ ਮੰਤਰੀ ਮੁਤਾਬਕ ਚੀਨ ਵਿੱਚ ਕਰੋਨਾ ਵਾਇਰਸ ਫੈਲਣ ਦੇ ਕਾਰਨ ਮੋਬਾਈਲ ਫੋਨ ਦੀ ਸਪਲਾਈ ਠੱਪ ਹੋ ਚੁੱਕੀ ਹੈ। ਇਸ ਗੱਲ ਤੋਂ ਸਾਫ਼-ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਸਰਕਾਰ ਹਾਲੇ ਸਮਾਰਟਫੋਨ ਨਹੀਂ ਵੰਡਣ ਜਾ ਰਹੀ।
ਜੋ ਵੀ ਨੌਜਵਾਨ ਸਮਾਰਟਫੋਨ ਮੰਗੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ: ਬਿਕਰਮਜੀਤ ਸਿੰਘ ਮਜੀਠੀਆ
ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕਰੋਨਾ ਵਾਇਰਸ ਦਾ ਨਾਂਅ ਲੈ ਕੇ ਮੁੱਖ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਡਰਾ ਦਿੱਤਾ ਕਿ ਜੋ ਵੀ ਨੌਜਵਾਨ ਸਮਾਰਟਫ਼ੋਨ ਮੰਗੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ।