ਚੰਡੀਗੜ੍ਹ: ਪੰਜਾਬ ਦੇ ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਕਿਸਾਨਾਂ ਦੀਆਂ ਨੀਂਦਾਂ ਉੱਡ ਗਈਆਂ ਹਨ। ਕਿਉਂਕਿ ਇਹ ਟਿੱਡੀ ਦਲ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ।
ਦਰਅਸਲ ਇਹ ਟਿੱਡੀ ਦਲ ਰਾਜਸਥਾਨ ਤੋਂ ਪੰਜਾਬ ਵੱਲ ਨੂੰ ਆ ਰਹੇ ਹਨ। ਰਾਜਸਥਾਨ ’ਚ ਇਹ ਫ਼ਸਲ–ਖਾਊ ਟਿੱਡੀਆਂ ਪਾਕਿਸਤਾਨ ਤੋਂ ਆ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਡੀ ਦਲਾਂ ਦੀ ਇਸ ਸਮੱਸਿਆ ਉੱਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਹਦਾਇਤ ਕਰਨ ਕਿ ਉਹ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਉਠਾਉਣ।