ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਵਾਲੇ ਮੰਗ ਪੱਤਰ ਨੂੰ ਮੁੱਖ ਸਕੱਤਰ ਕੋਲ ਲੋੜੀਂਦੀ ਕਾਰਵਾਈ ਲਈ ਭੇਜ ਦਿੱਤਾ ਹੈ। ਇਹ ਪ੍ਰਗਟਾਵਾ ਸਨਿੱਚਰਵਾਰ ਨੂੰ ਇੱਕ ਸਰਕਾਰੀ ਬੁਲਾਰੇ ਨੇ ਕੀਤਾ, ਉਸ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਸਵੇਰੇ ਸਿੱਧੂ ਦਾ ਪੱਤਰ ਮਿਲਿਆ ਹੈ ਅਤੇ ਤੁਰੰਤ ਹੀ ਇਸ ਨੂੰ ਰਾਜ ਦੇ ਮੁੱਖ ਸਕੱਤਰ ਨੂੰ ਭੇਜਿਆ ਗਿਆ।
ਮੁੱਖ ਮੰਤਰੀ ਨੇ ਬਾਅਦ ਵਿੱਚ ਖ਼ੁਦ ਕੁੱਝ ਪੱਤਰਕਾਰਾਂ ਨੂੰ ਇੱਕ ਗੈਰ ਰਸਮੀ ਗੱਲਬਾਤ ਵਿੱਚ ਦੱਸਿਆ ਕਿ ਸਾਰੇ ਵਿਧਾਇਕਾਂ ਦੇ ਨਾਲ, ਸਿੱਧੂ ਨੂੰ ਵੀ 9 ਨਵੰਬਰ ਨੂੰ ਲਾਂਘੇ ਰਾਹੀਂ ਪੰਜਾਬ ਤੋਂ ਕਰਤਾਰਪੁਰ ਸਾਹਿਬ ਜਾ ਰਹੇ ਸਰਬ ਪਾਰਟੀ ਜੱਥੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਵਿਧਾਇਕ ਅਤੇ ਅੰਮ੍ਰਿਤਸਰ ਦੇ ਡੀਸੀ ਇਸ ਮਾਮਲੇ ਦੀ ਸਿੱਧੂ ਦੇ ਦਫਤਰ ਨਾਲ ਗੱਲਬਾਤ ਕਰ ਰਹੇ ਸਨ ਪਰ ਬਾਅਦ ਵਾਲੇ ਜਵਾਬ ਦੇਣ ਵਿੱਚ ਅਸਫਲ ਰਹੇ।
ਕੈਪਟਨ ਅਮਰਿੰਦਰ ਨੇ ਕਰਤਾਰਪੁਰ ਲਾਂਘੇ ਦੇ ਰਾਜਨੀਤੀਕਰਨ 'ਤੇ ਦੁੱਖ ਜਤਾਇਆ, ਸਿੱਖ ਧਰਮ ਦੇ ਮਹਾਨ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਉਲੰਘਣਾ ਹੋਈ ਹੈ, ਜਿਨ੍ਹਾਂ ਦਾ 550ਵਾਂ ਜਨਮ ਦਿਵਸ ਪੂਰਾ ਵਿਸ਼ਵ ਇਸ ਸਾਲ ਮਨਾ ਰਿਹਾ ਹੈ। ਭਾਰਤ ਨੂੰ ਇੱਕ ਹੋ ਕੇ ਖਲੋਣਾ ਚਾਹੀਦਾ ਸੀ, ਖ਼ਾਸਕਰ ਉਸ ਡੂੰਘੇ ਏਜੰਡੇ 'ਤੇ ਵਿਚਾਰ ਕਰਦਿਆਂ ਜੋ ਪਾਕਿ ਦੇ ਇਹ ਲਾਂਘਾ ਖੋਲ੍ਹਣ ਅਤੇ ਪਹਿਲੇ ਸਿੱਖ ਗੁਰੂ ਦੇ ਨਾਮ 'ਤੇ ਇਕ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਪਿੱਛੇ ਹੈ। ਪਰ ਇਸ ਦੀ ਬਜਾਏ ਪੂਰੇ ਮੁੱਦੇ 'ਤੇ ਰਾਜਨੀਤੀ ਕੀਤੀ ਗਈ ਸੀ, ਉਨ੍ਹਾਂ ਕਿਹਾ। ਮੁੱਖ ਮੰਤਰੀ ਨੇ ਆਪਣੇ ਪੈਂਤੜੇ ਨੂੰ ਦੁਹਰਾਇਆ ਕਿ ਰਾਜਨੀਤੀ ਨੂੰ ਇੱਕ ਪਾਸੇ ਕਰਨਾ ਚਾਹੀਦਾ ਸੀ ਅਤੇ ਮੈਗਾ ਪ੍ਰੋਗਰਾਮ ਨੂੰ ਸੂਬਾ ਸਰਕਾਰ ਵੱਲੋਂ ਆਯੋਜਿਤ ਕਰਨਾ ਚਾਹੀਦਾ ਸੀ, ਜਿਵੇਂ ਕਿ ਅਜਿਹੇ ਸਮਾਗਮਾਂ 'ਤੇ ਪਿਛਲੇ ਰਿਵਾਜ਼ਾਂ ਦੇ ਮੁਤਾਬਕ ਹੁੰਦਾ ਆਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਕੀ ਸਿੱਖਾਂ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਹੁਤ ਖੁਸ਼ ਸਨ ਜੋ ਕਿ ਹਮੇਸ਼ਾਂ ਉਨ੍ਹਾਂ ਦੇ ਅਰਦਾਸ ਦਾ ਹਿੱਸਾ ਰਿਹਾ ਹੈ। ਹਾਲਾਂਕਿ, ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਜੇ ਵੀ ਪਾਕਿਸਤਾਨ ਦੇ ਇਰਾਦੇ ਬਾਰੇ ਸ਼ੱਕ ਹਨ ਅਤੇ ਉਹ ਮੰਨਦੇ ਹਨ ਕਿ ਲਾਂਘਾ ਖੋਲ੍ਹਣ ਨੂੰ ਆਈ.ਐਸ.ਆਈ. ਦੀ ਕਾਰਵਾਈ ਮੰਨਿਆ ਜਾ ਰਿਹਾ ਹੈ, ਜਿਸਦਾ ਉਦੇਸ਼ ਸਿੱਖ ਕੌਮ ਨੂੰ ਰੈਫਰੈਂਡਮ 2020 ਲਈ ਪ੍ਰਭਾਵਿਤ ਕਰਨਾ ਹੈ, ਜਿਸ ਨੂੰ ਸਿਖਸ ਫਾਰ ਜਸਟਿਸ (ਐਸਐਫਜੇ) ਦੀ ਆੜ ਹੇਠ ਪ੍ਰਚਾਰਿਆ ਜਾ ਰਿਹਾ ਹੈ।