ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਸ਼ਿਆਂ ਦੀ ਲਾਹਨਤ ਨਾਲ ਵਿਆਪਕ ਢੰਗ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਤੁਰੰਤ ਘੜਣ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਜ਼ੋਨਲ ਕੌਂਸਲ ਦੀ 29ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੀਤੀ ਨੂੰ ਤਿਆਰ ਕਰਨ ਲਈ ਕੇਂਦਰ ਨੂੰ ਪੂਰਾ ਸਹਿਯੋਗ ਦੇਣ ਲਈ ਆਖਿਆ ਜਿਸ ਵਿਚ ਨਸ਼ਿਆਂ ਦੀ ਸਮੱਸਿਆ ਨਾਲ ਜੁੜੇ ਸਾਰੇ ਪਹਿਲੂ ਸ਼ਾਮਲ ਕੀਤੇ ਜਾਣ।
ਕੈਪਟਨ ਨੇ ਅਮਿਤ ਸ਼ਾਹ ਕੋਲ ਚੁੱਕਿਆ ਨਸ਼ਿਆਂ ਤੇ ਪਾਣੀਆਂ ਦਾ ਮੁੱਦਾ - capt amarinder singh news
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਸ਼ਿਆਂ ਦੀ ਲਾਹਨਤ ਨਾਲ ਵਿਆਪਕ ਢੰਗ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਤੁਰੰਤ ਘੜਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰੀ ਸੂਬਿਆਂ ਦੇ ਅੱਗੇ ਸਭ ਤੋਂ ਪਹਿਲੀ ਅਤੇ ਪ੍ਰਮੁੱਖ ਸਮੱਸਿਆ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਦੀ ਹੈ ਜੋ ਇਸ ਸਾਂਝੇ ਮੁੱਦੇ ਲਈ ਪਹਿਲਾਂ ਹੀ ਇਸ ਪਾਸੇ ਵੱਲ ਲੱਗੇ ਹੋਏ ਹਨ। ਉਨਾਂ ਦੱਸਿਆ ਕਿ ਇਨਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਇਸ ਤੋਂ ਪਹਿਲਾਂ ਲੰਘੇ ਜੁਲਾਈ ਮਹੀਨੇ ਵਿੱਚ ਮਿਲੇ ਸਨ ਜਿੱਥੇ ਨਸ਼ਿਆਂ ਦੀ ਸਮੱਸਿਆ ਵਿਰੁੱਧ ਇੱਕ ਸਾਂਝਾ ਏਜੰਡਾ ਲਿਆਉਣ ਦੇ ਨਾਲ-ਨਾਲ ਇਸ ਨੂੰ ਦ੍ਰਿੜਤਾ ਅਤੇ ਆਪਸੀ ਤਾਲਮੇਲ ਨਾਲ ਨਿਪਟਾਉਣ ਦਾ ਅਹਿਦ ਲਿਆ ਸੀ।
ਇਸ ਦੇ ਨਾਲ ਹੀ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮੁੱਦੇ ਦੇ ਛੇਤੀ ਹਲ ਲਈ ਅੰਤਰਰਾਜੀ ਪਾਣੀ ਦਾ ਵਿਵਾਦ ਵੱਖਰੇ ਤੌਰ ’ਤੇ ਵਿਚਾਰਨ ਦੀ ਅਪੀਲ ਕੀਤੀ ਕਿਉਂ ਜੋ ਇਹ ਮਾਮਲਾ ਪਹਿਲਾਂ ਹੀ ਅਦਾਲਤੀ ਸੁਣਵਾਈ ਅਧੀਨ ਹੈ। ਉਨਾਂ ਇਹ ਵੀ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਅਤੇ ਦਰਿਆਵਾਂ ਦਾ ਵਹਾਅ ਘਟਣ ਕਰਕੇ ਸਾਰੇ ਸੂਬਿਆਂ ਵਿਚ ਪਾਣੀ ਦਾ ਸੰਕਟ ਵਧ ਰਿਹਾ ਹੈ। ਉਨਾਂ ਕਿਹਾ ਕਿ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਅਸੀਂ ਇਸ ਸਬੰਧੀ ਬਹੁਤ ਗੰਭੀਰ ਸੰਕਟ ਵੱਲ ਵੱਧ ਰਹੇ ਹਾਂ ਜਿਸ ਕਰਕੇ ਸਾਨੂੰ ਪਾਣੀ ਦੀ ਸੁਚੱਜੀ ਵਰਤੋਂ ਅਤੇ ਸਾਡੇ ਬਹੁਮੁੱਲੇ ਸਰੋਤਾਂ ਦੀ ਸੰਭਾਲ ਲਈ ਸਹਿਯੋਗ ਕੀਤਾ ਜਾਵੇ।