ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਸੰਭਾਵੀ ਤੀਜੀ ਲਹਿਰ ਤੋਂ ਪਹਿਲਾਂ ਇਸ ਮਹੀਨੇ ਵਿਸ਼ੇਸ਼ ਤੌਰ 'ਤੇ 6-17 ਸਾਲ ਦੀ ਉਮਰ ਦੇ ਬੱਚਿਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਮਰਜੈਂਸੀ ਕੋਵਿਡ ਰਿਸਪਾਂਸ ਲਈ ਪਹਿਲਾਂ ਅਲਾਟ ਕੀਤੀ ਰਾਸ਼ੀ ਤੋਂ ਇਲਾਵਾ ਵਾਧੂ 331 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਲਾਗ ਦੇ ਚਲਨ ਦਾ ਪਤਾ ਲਗਾਉਣ ਲਈ ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ। ਮੁੱਖ ਮੰਤਰੀ ਨੇ ਹਰ ਜ਼ਿਲ੍ਹੇ ਵਿਚ ਬੱਚਿਆਂ ਦੇ ਇਲਾਜ ਲਈ ਇਕ-ਇਕ ਯੂਨਿਟ (ਪੀਡੀਐਟ੍ਰਿਕ ਯੂਨਿਟ) ਅਤੇ ਸੂਬੇ ਲਈ ਬੱਚਿਆਂ ਦੇ ਇਲਾਜ ਲਈ ਆਲ੍ਹਾ ਦਰਜੇ ਦਾ ਕੇਂਦਰ ਸਥਾਪਤ ਕਰਨ ਦੇ ਆਦੇਸ਼ ਵੀ ਦਿੱਤੇ।
ਉਨ੍ਹਾਂ ਅੱਗੇ ਐਲਾਨ ਕੀਤਾ ਕਿ ਸਰਕਾਰ ਮੈਡੀਕਲ ਗ੍ਰੇਡ ਆਕਸੀਜਨ ਦੀ 24 ਘੰਟੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਐਲਐਮਓ ਸਟੋਰੇਜ ਟੈਂਕ ਵੀ ਸਥਾਪਤ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜ਼ਿਲ੍ਹੇ, ਸਬ-ਡਵੀਜ਼ਨ ਅਤੇ ਸੀਐਚਸੀ ਪੱਧਰ 'ਤੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਵੀ ਸਥਾਪਤ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ 17 ਹੋਰ ਆਰਟੀਪੀਸੀਆਰ ਲੈਬਜ਼ ਦੀ ਸਥਾਪਨਾ ਕਰਨ ਦਾ ਐਲਾਨ ਵੀ ਕੀਤਾ। ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈਡਾਂ ਦੀ ਗਿਣਤੀ ਵਧਾ ਕੇ 142 ਕਰ ਦਿੱਤੀ ਜਾਵੇਗੀ ਅਤੇ ਟੈਲੀ ਮੈਡੀਸਨ ਅਤੇ ਟੈਲੀਕੰਸਲਟੇਸ਼ਨ ਲਈ ਇਕ ਹੱਬ ਅਤੇ ਸਕੋਪ ਮਾਡਲ ਵੀ ਸਥਾਪਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਸੈਂਟੀਨਲ ਸੀਰੋ-ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਹੋਰ ਪਾਬੰਦੀਆਂ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ ਕਿਉਂਕਿ ਸੂਬਾ ਤੀਜੀ ਲਹਿਰ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਪਾਬੰਦੀਆਂ ਲਈ ਆਟੋ ਟਰਿੱਗਰ ਵਿਧੀ ਨਾਲ ਜੀਆਈਐਸ ਅਧਾਰਤ ਨਿਗਰਾਨੀ ਅਤੇ ਰੋਕਥਾਮ ਦੇ ਉਪਕਰਣਾਂ ਦੀ ਵਰਤੋਂ ਕੀਤੀ ਜਾਵੇਗੀ।
ਡਾ. ਕੇ ਕੇ ਤਲਵਾੜ ਨੇ ਮੁੱਖ ਮੰਤਰੀ ਦੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਹਿਲੀ ਅਤੇ ਦੂਜੀ ਲਹਿਰ ਵਿੱਚ, ਸੰਕਰਮਿਤ ਹੋਏ ਲੋਕਾਂ ਵਿੱਚੋਂ 10 ਫ਼ੀਸਦ 18 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਜਦੋਂ ਇਸ ਤਰ੍ਹਾਂ ਦੇ ਅਨੁਮਾਨਾਂ ਦਾ ਸਮਰਥਨ ਕਰਨ ਲਈ ਕੋਈ ਠੋਸ ਅੰਕੜੇ ਨਹੀਂ ਸਨ, ਤਾਂ ਸੂਬਾ ਤੀਜੀ ਲਹਿਰ ਵਿੱਚ ਬੱਚਿਆਂ ਦੇ ਵਧੇਰੇ ਕੇਸਾਂ ਦੇ ਪ੍ਰਬੰਧਨ ਲਈ ਤਿਆਰੀ ਕਰ ਰਿਹਾ ਸੀ।
ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਈਸੀਐਮਆਰ ਸਿਸਟਮ ਤੋਂ ਬਾਹਰ ਨਮੂਨੇ ਲੈਣ ਅਤੇ ਰਿਪੋਰਟਿੰਗ ਪ੍ਰਣਾਲੀ ਨਾਲ ਜੁੜੇ ਲੋੜੀਂਦੇ ਮਾਪਦੰਡਾਂ ਨੂੰ ਹਾਸਲ ਕਰਨ ਲਈ ਕੋਵਾ ਵਿਚ ਤਬਦੀਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।