ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਠੋਸ ਤੱਥਾਂ ਅਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਚੰਗੇ ਸ਼ਾਸਨ ਦੇ ਸੂਚਕ-ਅੰਕ (ਜੀ.ਜੀ.ਆਈ.) ਸਬੰਧੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਬਾਰੇ ਕਿਹਾ ਕਿ ਇਹ ਅੰਕੜੇ ਅਸਲ ਵਿੱਚ ਸ਼ੋਮਣੀ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਮਾੜੇ ਪ੍ਰਸਾਸ਼ਨ ਦਾ ਨਤੀਜਾ ਹੈ।
ਮੁੱਖ ਮੰਤਰੀ ਨੇ ਸੂਬੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ 'ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਨੀਤੀਆਂ ਨਾਲ ਹਰੇਕ ਪੱਧਰ 'ਤੇ ਸੂਬੇ ਦੀ ਤਰੱਕੀ ਨੂੰ ਢਾਹ ਲਾਈ।
ਭਾਰਤ ਸਰਕਾਰ ਵੱਲੋਂ 25 ਦਸੰਬਰ ਨੂੰ ਜਾਰੀ ਕੀਤੀ ਗਈ ਜੀ.ਜੀ.ਆਈ. ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਤਿਆਰ ਕਰਨ ਲਈ ਵਰਤੇ ਗਏ ਅੰਕੜੇ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਹਨ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਸੀ। ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਸਬੰਧੀ ਉਪਰਾਲੇ 2017 ਵਿੱਚ ਸ਼ੁਰੂ ਕੀਤੇ ਗਏ ਸਨ ਜਿਸ ਸਮੇਂ ਨਵੀਂ ਬਣੀ ਸਰਕਾਰ ਅਧੀਨ ਇਸ ਸੈਕਟਰ ਵਿੱਚ ਤਬਦੀਲੀਆਂ ਅਜੇ ਵੀ ਜਾਰੀ ਸਨ।
ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਗੰਭੀਰ ਅਤੇ ਜ਼ਿੰਮੇਵਾਰ ਸ਼ਾਸਨ ਵਿੱਚ ਸ਼ਾਮਲ ਹਰ ਵਿਅਕਤੀ ਜਾਣਦਾ ਹੈ ਕਿ ਤਰੱਕੀ ਦੇ ਸੂਚਕ-ਅੰਕ ਇੱਕ ਸਮੇਂ ਦੇ ਨਾਲ ਵਿਕਸਤ ਹੁੰਦੇ ਹਨ ਅਤੇ ਵਿਕਾਸ ਸਬੰਧੀ ਕਿਸੇ ਵੀ ਤਰ੍ਹਾਂ ਦੇ ਅੰਕੜੇ ਅਗਲੀਆਂ ਰਿਪੋਰਟਾਂ ਵਿੱਚ ਦਰਸਾਏ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਨਿੰਦਾ ਕਰਨ ਦੀ ਜਲਦਬਾਜ਼ੀ ਵਿੱਚ ਸੁਖਬੀਰ ਨੇ ਬਿਆਨ ਦੇਣ ਤੋਂ ਪਹਿਲਾਂ ਸਪੱਸ਼ਟ ਤੌਰ 'ਤੇ ਮੁੱਢਲੇ ਤੱਥਾਂ ਦੀ ਜਾਂਚ ਕਰਨ ਦੀ ਖੇਚਲ ਨਹੀਂ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਦੇ ਜ਼ਮੀਨੀ ਹਕੀਕਤ ਤੋਂ ਹਮੇਸ਼ਾ ਕੋਹਾਂ ਦੂਰ ਰਹੇ ਹਨ ਜਿਨ੍ਹਾਂ ਦੇ ਬਿਆਨਾਂ ਦਾ ਤੱਥਾਂ ਅਤੇ ਅੰਕੜਿਆਂ ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਵੇਖਦਿਆਂ ਲੋਕਾਂ ਨੇ 2017 ਦੀਆਂ ਚੋਣਾਂ ਅਤੇ ਉਸ ਤੋਂ ਬਾਅਦ ਦੀਆਂ ਸਾਰੀਆਂ ਚੋਣਾਂ ਵਿੱਚ ਅਕਾਲੀਆਂ ਨੂੰ ਸਬਕ ਸਿਖਾਇਆ।
ਉਨ੍ਹਾਂ ਕਿਹਾ, ''ਲੋਕ ਵਿਕਾਸ ਅਤੇ ਪ੍ਰਗਤੀ ਚਾਹੁੰਦੇ ਹਨ ਨਾ ਕਿ ਧੋਖਾ ਅਤੇ ਖੋਖਲੇ ਵਾਅਦੇ।'' ਉਨ੍ਹਾਂ ਅੱਗੇ ਕਿਹਾ ਕਿ ਇੱਥੋਂ ਤੱਕ ਕਿ ਸਮਾਜ ਭਲਾਈ ਅਤੇ ਵਿਕਾਸ, ਜਨਮ ਦੇ ਸਮੇਂ ਲਿੰਗ ਅਨੁਪਾਤ, ਸਿਹਤ ਬੀਮਾ ਕਵਰੇਜ ਅਤੇ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਸਬੰਧੀ ਦਰਸਾਏ ਗਏ ਅੰਕੜੇ ਪਿਛਲੀ ਸਰਕਾਰ ਨਾਲ ਸਬੰਧਤ ਹਨ।
ਜਿੱਥੋ ਤੱਕ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦਾ ਸਬੰਧ ਹੈ, 0.1 ਘੱਟ ਵੇਟੇਜ਼ ਵਾਲੇ ਇੱਕ ਸੰਕੇਤ ਨੂੰ ਛੱਡ ਕੇ ਸਾਰੇ ਸੰਕੇਤ ਲਈ ਅੰਕੜੇ 2015-16 ਅਤੇ 2016-17 ਤੋਂ ਲਏ ਗਏ ਹਨ, ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਨਹੀਂ ਸੀ। ਜਨਤਕ ਸਿਹਤ ਨਾਲ ਸਬੰਧਤ ਜੱਚਾ ਮੌਤ ਦਰ, ਬੱਚਾ ਮੌਤ ਦਰ ਅਤੇ ਟੀਕਾਕਰਨ ਪ੍ਰਾਪਤੀਆਂ ਸਬੰਧੀ ਅੰਕੜੇ 2014-2017 ਤੱਕ ਦੇ ਸਮੇਂ ਨਾਲ ਸਬੰਧਤ ਹਨ।
ਮੁੱਖ ਮੰਤਰੀ ਨੇ ਆਲੋਚਨਾ ਕਰਦਿਆਂ ਕਿਹਾ ਕਿ ਬੀਤੇ ਕੁੱਝ ਸਾਲਾਂ ਦੌਰਾਨ ਸੁਖਬੀਰ ਅਤੇ ਉਸਦੇ ਪਰਿਵਾਰ ਨੇ ਪੁਰਾਣੇ ਅਤੇ ਸਤਿਕਾਰਤ ਅਕਾਲੀ ਦਲ ਨੂੰ ਲਗਾਤਾਰ ਆਪਣੀਆਂ ਮਾੜੀਆਂ ਨੀਤੀਆਂ ਨਾਲ ਅਜਿਹੀ ਪਾਰਟੀ ਬਣਾ ਦਿੱਤਾ ਹੈ ਜਿਸ ਦੀ ਕੋਈ ਵਿਚਾਰਧਾਰਾ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਆਪਣੀ ਪਾਰਟੀ ਦਾ ਇਸੇ ਤਰ੍ਹਾਂ ਮਜ਼ਾਕ ਬਣਾਉਣਾ ਬੰਦ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਸੱਤਾ ਦੇ ਅਖਾੜੇ ਵਿੱਚੋਂ ਬਿਲਕੁਲ ਸਫ਼ਾਇਆ ਹੋ ਜਾਵੇਗਾ।