ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਹਰ ਪਾਰਟੀ ਚੋਣ ਮੈਦਾਨ 'ਚ ਡਟੀ ਹੈ। ਜੇਕਰ ਗੱਲ ਕੀਤੀ ਜਾਵੇਂ ਸੂਬੇ 'ਚ ਮੌਜੂਦਾ ਸਰਕਾਰ ਕਾਂਗਰਸ ਦੀ ਤਾਂ ਕਾਗਰਸ ਨੇ ਇੱਕ ਵਾਰ ਫਿਰ ਪੰਜਾਬ ਦੇ ਪਾਣੀਆਂ ਨੂੰ ਮੁੱਦਾ ਬਣਾਉਣ ਲਈ ਸਰਗਰਮੀ ਵੱਧਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਸੂਬੇ ਦੇ ਪਾਣੀਆਂ 'ਤੇ ਪਹਿਲਾਂ ਵਾਗ ਹੀ ਅਡਿੱਗ ਖੜ੍ਹੀ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਬੀਤੀ ਵਿਧਾਨ ਸਭਾ ਚੋਣਾਂ ਵੇਲੇ ਵੀ ਪਾਣੀਆਂ ਦਾ ਮੁੱਦਾ ਚੁੱਕਿਆ ਸੀ ਅਤੇ ਅਕਾਲੀ ਦਲ 'ਤੇ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਰੈਲੀਆਂ 'ਚ ਇਹ ਕਹਿੰਦੀ ਨਜ਼ਰ ਆਉਂਦੀ ਸੀ ਕਿ ਅਕਾਲੀ ਦਲ ਨੇ ਹਰਿਆਣਾ ਨਾਲ ਸਮਝੌਤੇ ਦੇ ਤੌਰ 'ਤੇ ਭਾਈਵਾਲ ਭਾਜਪਾ ਨਾਲ ਫਿਕਸ ਮੈਚ ਖੇਡਿਆ ਹੈ। ਉਧਰ ਅਕਾਲੀ ਦਲ ਵੀ ਕਾਂਗਰਸ 'ਤੇ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਕਾਂਗਰਸ ਨੇ ਹੀ ਐੱਸ.ਵਾਈ.ਐੱਲ. ਨੂੰ ਜਨਮ ਦਿੱਤਾ ਹੈ। ਇਨਾਂ ਹੀ ਨਹੀਂ ਪੰਜਾਬ ਦੀਆਂ ਹੋਰ ਵੀ ਸਿਆਸੀ ਧਿਰਾਂ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦਿਆਂ ਰਹੀਆਂ ਹਨ।