ਚੰਡੀਗੜ੍ਹ: ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਪਾਰਟੀ ਵੱਲੋਂ ਅਪਣਾਈ ਜਾ ਰਹੀ ਮਾਨਵਤਾਵਾਦੀ ਪਹੁੰਚ ਦੀ ਕੇਂਦਰੀ ਵਿੱਤ ਮੰਤਰੀ ਵੱਲੋਂ ਨਿਖੇਧੀ ਕਰਨ 'ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਦੇ ਸੰਕਟ ਨੂੰ ਹੋਰ ਡੂੰਘਾ ਧੱਕਣ ਅਤੇ ਅਜਿਹੇ ਗੰਭੀਰ ਮੁੱਦੇ ਦੇ ਸਿਆਸੀਕਰਨ ਲਈ ਕੇਂਦਰ ਅਤੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ।
ਕੈਪਟਨ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਸਮੇਤ ਸਮੁੱਚੀ ਪਾਰਟੀ ਸੰਕਟ ਦੀ ਇਸ ਘੜੀ ਵਿੱਚ ਪਰਵਾਸੀ ਕਾਮਿਆਂ ਦੀ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਆਪਣੀ ਸਰਕਾਰ 16 ਮਈ ਤੱਕ 1,78,909 ਪਰਵਾਸੀਆਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿੱਚ ਭੇਜਣ ਲਈ 149 ਰੇਲ ਗੱਡੀਆਂ ਦਾ ਪ੍ਰਬੰਧ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਪੰਜਾਬ ਵਿੱਚ ਇਹ ਪ੍ਰਕ੍ਰਿਆ ਅਜੇ ਵੀ ਜਾਰੀ ਹੈ।
ਨਿਰਮਲਾ ਸੀਤਾਰਮਨ ਵੱਲੋਂ ਕੀਤੀ ਬੇਤੁੱਕੀ ਟਿੱਪਣੀ ਕਿ ਸੋਨੀਆ ਗਾਂਧੀ ਨੂੰ ਪਰਵਾਸੀ ਕਾਮਿਆਂ ਦੀ ਮਦਦ ਲਈ ਆਪਣੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੀਦਾ ਹੈ, ਉਪਰ ਸਖ਼ਤ ਪ੍ਰਤੀਕਰਮ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ਸਮੇਤ ਲੌਕਡਾਊਨ ਤੇ ਕੋਵਿਡ ਨਾਲ ਸਬੰਧਤ ਹੋਰ ਮਾਮਲਿਆਂ 'ਤੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਨਿਰੰਤਰ ਵਿਚਾਰ-ਵਟਾਂਦਰਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਨਿਰਮਲਾ ਸੀਤਾਰਮਨ ਦੀ ਉਸ ਟਿੱਪਣੀ ਨੂੰ ਵੀ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਅਣਉਚਿਤ ਕਰਾਰ ਦਿੱਤਾ ਹੈ ਜਿਸ ਵਿੱਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪਰਵਾਸੀ ਮਜ਼ਦੂਰਾਂ ਨੂੰ ਮਿਲਣ ਮੌਕੇ ਉਨ੍ਹਾਂ ਦੇ ਨਾਲ ਹੀ ਚੱਲਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਸਾਰ ਲੈਣ ਲਈ ਸੜਕਾਂ 'ਤੇ ਉੱਤਰੇ ਰਾਹੁਲ ਗਾਂਧੀ 'ਤੇ ਤੰਜ ਕੱਸਣ ਦੀ ਬਜਾਏ ਨਿਰਮਲਾ ਸੀਤਾਰਮਨ ਨੂੰ ਭਾਜਪਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨਾਲ ਗੱਲ ਕਰਕੇ ਪ੍ਰਿਅੰਕਾ ਗਾਂਧੀ ਵੱਲੋਂ ਪਰਵਾਸੀਆਂ ਨੂੰ ਲਿਆਉਣ ਲਈ ਬੱਸਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦਿਵਾਉਣੀ ਚਾਹੀਦੀ ਹੈ ਕਿਉਂ ਜੋ ਯੂ.ਪੀ. ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਸਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਾ ਦੇਣ ਕਰਨ ਕਰਕੇ ਇਹ ਬੱਸਾਂ ਦਿੱਲੀ-ਯੂ.ਪੀ. ਸਰਹੱਦ 'ਤੇ ਰੁਕੀਆਂ ਹੋਈਆਂ ਹਨ।
ਨਿਰਮਲਾ ਦੀ ਟਿੱਪਣੀ ਨੂੰ ਬੇਸਵਾਦੀ ਅਤੇ ਸਾਫ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਨੂੰ ਅਜਿਹਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਹਰੇਕ ਕਾਂਗਰਸੀ ਮੁੱਖ ਮੰਤਰੀ, ਆਗੂ ਅਤੇ ਵਰਕਰ ਇਸ ਸੁਨਿਸ਼ਚਤ ਕਰਨ ਲੱਗਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਮਦਦ ਕੀਤੀ ਜਾਵੇ, ਜਦੋਂ ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੀ ਰਹਿਮੋ-ਕਰਮ 'ਤੇ ਛੱਡਿਆ ਹੋਇਆ ਹੈ।