ਚੰਡੀਗੜ੍ਹ: ਕੌਮੀ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਅਕਾਲੀਆਂ ਵੱਲੋਂ ਦੂਹਰਾ ਮਾਪਦੰਡ ਅਪਣਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦੇ ਸਟੈਂਡ ਨੂੰ ਸਪੱਸ਼ਟ ਕਰਨ ਲਈ ਆਖਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਅਕਾਲੀਆਂ ਉੱਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਇੰਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦ ਕਿ ਇਹ ਅਕਾਲੀ ਹੀ ਹਨ ਜਿੰਨ੍ਹਾਂ ਨੇ ਸੰਸਦ ਵਿੱਚ ਬੀਜੇਪੀ ਵੱਲੋਂ ਪੇਸ਼ ਕੀਤੇ ਨਾਗਰਿਕਤਾ ਸੋਧ ਐਕਟ ਦੇ ਹੱਕ ਵਿੱਚ ਹਾਮੀ ਭਰੀ ਸੀ।
ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਗਰਿਕਤਾ ਸੋਧ ਐਕਟ ਵਿੱਚੋਂ ਮੁਸਲਮਾਨ ਭਾਈਚਾਰੇ ਨੂੰ ਬਾਹਰ ਕੱਢਣ ਨੂੰ ਲੈ ਕੇ ਕਾਫ਼ੀ ਬਿਆਨਬਾਜ਼ੀ ਕੀਤੀ ਸੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਤੋਂ ਅਕਾਲੀਆਂ ਦੀ ਸੋਚ ਭਲੀਭਾਂਤੀ ਜ਼ਾਹਿਰ ਹੋ ਜਾਂਦੀ ਹੈ।
ਉਨ੍ਹਾਂ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਅਕਾਲੀ ਲੀਡਰ ਐੱਨਆਰਸੀ ਅਤੇ ਸੀਏਏ ਨੂੰ ਲੈ ਕੇ ਆਪਣੇ ਪੈਰ ਪਿਛਾਂਹ ਵੱਲ ਨੂੰ ਖਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦੇ ਦੂਹਰੇ ਕਿਰਦਾਰ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਨਾਲ ਮੂਰਖ ਨਹੀਂ ਬਣਨਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਅਜਿਹੇ ਆਪਾ ਵਿਰੋਧੀ ਲਏ ਗਏ ਸਟੈਂਡ ਅਤੇ ਬਿਆਨਾਂ ਨੇ ਇਸ ਸੱਚਾਈ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਅਕਾਲੀਆਂ ਨੂੰ ਸਿਰਫ਼ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਨਾਲ ਹੀ ਸਰੋਕਾਰ ਹੈ ਅਤੇ ਕੌਮੀ ਮਹੱਤਤਾ ਵਾਲੇ ਕਿਸੇ ਵੀ ਮੁੱਦੇ 'ਤੇ ਇਨ੍ਹਾਂ ਦਾ ਕੋਈ ਵਿਚਾਰਧਾਰਕ ਸਟੈਂਡ ਨਹੀਂ ਹੈ।