ਚੰਡੀਗੜ੍ਹ: ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਕਾਰਨ ਗੁੰਮਰਾਹ ਨਾ ਹੋਣ ਅਤੇ ਝੂਠੀ ਵਾਹ-ਵਾਹ ਵਿੱਚ ਨਾ ਪੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਆਪਣਾ ਕੋਵਿਡ ਟੈਸਟ ਜਲਦ ਤੋਂ ਜਲਦ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਗਈ ਕਿਉਂ ਜੋ ਇਸ ਵਿੱਚ ਦੇਰੀ ਘਾਤਕ ਸਿੱਧ ਹੋ ਸਕਦੀ ਹੈ।
ਸੂਬੇ ਦੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਔਕਸੀਮੀਟਰ ਟੈਸਟਿੰਗ ਦਾ ਕੋਈ ਬਦਲ ਨਹੀਂ ਹਨ। ਲੋਕਾਂ ਨੂੰ ਆਪ ਦੇ ਗੁੰਮਰਾਹਕੁੰਨ ਪ੍ਰਚਾਰ ਦੇ ਪ੍ਰਭਾਵ ਹੇਠ ਨਾ ਆਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ,''ਇਹ ਔਕਸੀਮੀਟਰ ਇਹ ਨਹੀਂ ਦੱਸਣਗੇ ਕਿ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ, ਇਹ ਸਿਰਫ ਤੁਹਾਡੇ ਸਰੀਰ ਵਿਚ ਆਕਸੀਜਨ ਦੀ ਘਾਟ-ਵਾਧ ਦੇ ਪੱਧਰ ਬਾਰੇ ਦੱਸਣਗੇ ਅਤੇ ਆਕਸੀਜਨ ਦੀ ਘਾਟ ਜ਼ਰੂਰੀ ਨਹੀਂ ਕੋਰੋਨਾ ਵਾਇਰਸ ਦਾ ਸੰਕੇਤ ਹੋਵੇ।''
ਕੈਪਟਨ ਨੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਸਬੰਧੀ ਦੋਸ਼ਾਂ, ਜਿਵੇਂ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ, ਨੂੰ ਵਿਸ਼ੇਸ਼ ਰੂਪ ਵਿੱਚ ਰੱਦ ਕਰਦਿਆਂ ਕਿਹਾ, ਇਹ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ, ''ਅਜਿਹੇ ਝੂਠੇ ਪ੍ਰਚਾਰ ਦਾ ਸ਼ਿਕਾਰ ਨਾ ਹੋਵੋ, ਜੋ ਸਿਰਫ ਤੁਹਾਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ।'' ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਪੀੜਤਾਂ ਦੀਆਂ ਦੇਹਾਂ ਨੂੰ ਛੋਹਣ ਤੇ ਸਸਕਾਰ ਕਰਨ ਸਮੇਂ ਲੋਕਾਂ ਵੱਲੋਂ ਪੀ.ਪੀ.ਈ ਕਿੱਟਾਂ ਪਹਿਨਣ ਦੀ ਵਜ੍ਹਾ ਕੇਵਲ ਕੋਵਿਡ ਦੀ ਲਾਗ ਤੋਂ ਬਚਣਾ ਹੈ। ਉਨ੍ਹਾਂ ਕਿਹਾ ਕਿ ''ਸਾਡੇ ਸਾਬਕਾ ਰਾਸ਼ਟਰਪਤੀ (ਪ੍ਰਣਬ ਮੁਖਰਜੀ) ਦਾ ਵੀ ਇਸੇ ਤਰੀਕੇ ਅੰਤਿਮ ਸੰਸਕਾਰ ਕੀਤਾ ਗਿਆ ਕਿਉਂਜੋ ਉਹ ਵੀ ਕਰੋਨਾ ਤੋਂ ਪੀੜਤ ਸਨ।''
ਉਨ੍ਹਾਂ ਲੋਕਾਂ ਨੂੰ ਲੱਛਣਾਂ ਨੂੰ ਅੱਖੋਂ ਪਰੋਖੇ ਨਾ ਕਰਨ ਜਾਂ ਆਪਣੇ ਪੱਧਰ 'ਤੇ ਇਲਾਜ ਅਤੇ ਟੈਸਟਿੰਗ ਵਿੱਚ ਦੇਰੀ ਤੋਂ ਬਚਣ ਦੀ ਅਪੀਲ ਕੀਤੀ ਕਿਉਂਜੋ ਹੋ ਰਹੀਆਂ ਸਾਰੀਆਂ ਮੌਤਾਂ ਦੂਜੇ ਅਤੇ ਤੀਜੇ ਪੱਧਰ ਦੇ ਮਰੀਜ਼ਾਂ ਦੀਆਂ ਹਨ। ਉਨ੍ਹਾਂ ਕਿਹਾ ਕਿ ''ਕੁਝ ਪਖੰਡੀ ਗਲਤ ਜਾਣਕਾਰੀ ਨਾਲ ਸੋਸ਼ਲ ਮੀਡੀਆ ਜ਼ਰੀਏ ਗੁੰਮਰਾਹ ਕਰਨ ਦੀ ਕੋਸ਼ਿਸ਼ ਰਹੇ ਹਨ।''ਉਨ੍ਹਾਂ ਲੋਕਾਂ ਨੂੰ ਖੁਦ ਨੂੰ ਅਤੇ ਸੂਬੇ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਾਕਟਰਾਂ ਦੀ ਸਲਾਹ ਨੂੰ ਮੰਨਣ ਦੀ ਅਪੀਲ ਕੀਤੀ।
ਇਸ 'ਤੇ ਜ਼ੋਰ ਦਿੰਦਿਆਂ ਕਿ ਇਹ ਸਮਾਂ ਸਿਆਸਤ ਖੇਡਣ ਦਾ ਨਹੀਂ ਬਲਕਿ ਮਿਲਕੇ ਕੋਵਿਡ ਖਿਲਾਫ ਲੜਨ ਦਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੂੰ ਸਮਰਥਨ ਦਾ ਭਰੋਸਾ ਦੇਣ ਤੋਂ ਬਾਅਦ ਵੀ ਸੰਕਟ ਦਾ ਸਿਆਸੀਕਰਨ ਕਰਨ ਵਿੱਚ ਰੁੱਝੀ ਹੋਈ ਹੈ। ਇਹ ਪੁੱਛਦਿਆਂ ਕਿ ''ਕੀ ਉਨ੍ਹਾਂ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ?'', ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਪਾਰਟੀਆਂ ਨੂੰ ਕੋਵਿਡ ਨੂੰ ਸਾਂਝਾ ਦੁਸ਼ਮਣ ਮੰਨਦਿਆਂ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ''ਜੇਕਰ ਪਾਕਿਸਤਾਨ ਜਾਂ ਚੀਨ ਨਾਲ ਜੰਗ ਲਗਦੀ ਕੀ ਉਹ ਸਾਡਾ ਸਾਥ ਨਾ ਦਿੰਦੇ।''
ਆਮ ਆਦਮੀ ਪਾਰਟੀ ਦੇ ਦਾਅਵਿਆਂ ਕਿ ਪੰਜਾਬ ਦੀ ਕੋਵਿਡ ਦੇ ਮਾਮਲੇ ਵਿੱਚ ਦਿੱਲੀ ਦੇ ਮੁਕਾਬਲੇ ਕਾਰਗੁਜ਼ਾਰੀ ਮਾੜੀ ਹੈ, ਨੂੰ ਮੁੱਖ ਮੰਤਰੀ ਨੇ ਝੂਠਾ ਪ੍ਰਚਾਰ ਕਰਾਰ ਦੇ ਕੇ ਮੂਲੋਂ ਰੱਦ ਕੀਤਾ। ਉਨ•ਾਂ ਕਿਹਾ ਕਿ ਅੰਕੜੇ ਤੇ ਤੱਥ ਇਨ੍ਹਾਂ ਝੂਠੇ ਦਾਅਵਿਆਂ ਦਾ ਪਾਜ ਉਧੇੜਦੇ ਹਨ। ਉਨ੍ਹਾਂ ਕਿਹਾ ਕਿ 1.90 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ 1.82 ਲੱਖ ਕੇਸ ਹਨ ਜਦੋਂ ਕਿ 2.80 ਕਰੋੜ ਆਬਾਦੀ ਵਾਲੇ ਪੰਜਾਬ ਵਿੱਚ 60,000 ਮਾਮਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਪੰਜਾਬ ਦੇ ਮੁਕਾਬਲੇ ਤਿੰਨ ਗੁਣਾ ਵੱਧ ਮੌਤਾਂ ਹੋਈਆਂ ਹਨ।