ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਆਪਣੀ ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ 'ਤੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਇਕ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਘੇਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਤੁਸੀ ਹਮੇਸ਼ਾ ਮੁੱਖ ਮੰਤਰੀ ਨਹੀਂ ਰਹੋਗੇ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ "ਕੀ ਤੁਸੀ ਸੱਚਮੁੱਚ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ? ਕਿਉਂਕਿ ਤੁਸੀ ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਇਕ ਨੁਮਾਇੰਦੇ ਹੋ। ਤੁਸੀ ਮਹਾਰਾਜਾ ਪਟਿਆਲਾ ਨਹੀਂ। ਬਾਜਵਾ ਨੇ ਕਿਹਾ ਕਿ ਜਿਸ ਹਿਸਾਬ ਨਾਲ ਕੈਪਟਨ ਨੇ ਮੈਨੂੰ ਜਵਾਬ ਭੇਜਿਆ ਹੈ ਉਸਤੋਂ ਲਗਦਾ ਹੈ ਕਿ ਅਜੇ ਵੀ ਉਹ ਸੁਪਨੇ ਵਿੱਚ ਮਹਾਰਾਜ ਪਟਿਆਲਾ ਹੋਣ। ਨਾ ਹੀ ਉਨ੍ਹਾਂ ਨੂੰ ਲੋਕਾਂ ਦੀ ਜ਼ਰੂਰਤ ਹੈ ਤੇ ਨਾ ਹੀ ਲੋਕਾਂ ਨੂੰ ਜਵਾਬਦੇਹ ਹਨ।"
ਬਾਜਵਾ ਨੇ ਕਿਹਾ ਕਿ ਉਹ ਇਕ ਮੈਂਬਰ ਪਾਰਲੀਮੈਂਟ ਹੈ, ਉਹ ਵੀ ਇਨ੍ਹਾਂ ਦੀ ਜਮਾਤ ਦਾ ਹੀ ਅਤੇ ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਵੀ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਮਰਹੂਮ ਪਿਤਾ ਸਤਨਾਮ ਸਿੰਘ ਬਾਜਵਾ ਜੋ ਸਾਬਕਾ ਮੰਤਰੀ ਪੰਜਾਬ ਰਹੇ ਹਨ, ਜਿਨ੍ਹਾਂ ਦੀ ਕੱਟੜਪੰਥੀਆਂ ਨਾਲ ਲੜਦੇ ਹੋਏ 1987 ਵਿੱਚ ਸ਼ਹਾਦਤ ਹੋਈ ਸੀ। ਮੇਰਾ ਵੱਡਾ ਭਰਾ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਹਨ, ਜੋ ਉਸ ਸਮੇਂ ਕਰਨਲ ਸਨ ਅਤੇ ਜੋ 'ਵਾਰ ਹੀਰੋਜ਼' ਹਨ, ਜਿਨ੍ਹਾਂ ਦੀ ਅਗਵਾਈ 'ਚ ਟਾਈਗਰ ਹਿੱਲਜ਼ ਜਿੱਤੀ ਗਈ ਸੀ।
ਬਾਜਵਾ ਨੇ ਕਿਹਾ ਜਦੋਂ ਉਹ ਕੈਬਨਿਟ ਮੰਤਰੀ ਬਣੇ ਤਾਂ ਉਸ ਸਮੇਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਸਰਵਿਸ ਦੀ ਵਰਤੋਂ ਯੂ.ਐਨ. ਤੱਕ ਕੀਤੀ, ਜਿਸਦਾ ਉਨ੍ਹਾਂ ਨੂੰ ਮਾਣ ਹੈ।
ਉਨ੍ਹਾਂ ਕਿਹਾ ਕਿ 1980 ਤੋਂ ਅੱਜ ਤੱਕ ਲਗਾਤਾਰ 40 ਸਾਲ ਲਗਾਤਾਰ ਮੇਰੇ ਕੋਲ ਪੁਲਿਸ ਸੁਰੱਖਿਆ ਰਹੀ ਹੈ ਅਤੇ ਰਾਜ ਸਰਕਾਰ ਦਾ ਇਹ ਫ਼ਰਜ਼ ਹੈ ਕਿ ਜਿਸ ਨੂੰ ਵੀ ਖ਼ਤਰਾ ਹੋਵੇ ਸੁਰੱਖਿਆ ਮੁਹਈਆ ਕਰਵਾਏ, ਭਾਵੇਂ ਉਹ ਕਿਸੇ ਪਾਰਟੀ ਦਾ ਮੈਂਬਰ ਹੋਵੇ, ਤਾਲਮੇਲ ਹੋਵੇ ਜਾਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲਏ ਜਾਣ ਦਾ ਕਾਰਨ ਮੇਰਾ 121 ਲੋਕਾਂ ਦੀ ਹੋਈ ਮੌਤ ਬਾਰੇ ਚੁਕਿਆ ਗਿਆ ਸਵਾਲ ਹੈ, ਜਿਸ ਕਾਰਨ ਮੁੱਖ ਮੰਤਰੀ ਮਾਨਸਿਕ ਸੰਤੁਲਨ ਗੁਆ ਬੈਠੇ ਹਨ, ਕਿ ਮੇਰੀ ਪਾਰਟੀ ਦੇ ਐਮ.ਪੀ. ਮੈਨੂੰ ਹੀ ਸਵਾਲ ਕਰ ਰਹੇ ਹਨ।