ਚੰਡੀਗੜ੍ਹ: ਭਾਰਤ-ਚੀਨ ਸਰਹੱਦ ’ਤੇ ਗਲਵਾਨ ਘਾਟੀ ’ਚ ਸ਼ਹੀਦ ਹੋਏ ਜ਼ਿਲ੍ਹਾ ਪਟਿਆਲਾ ਹਲਕਾ ਘਨੌਰ ਦੇ ਪਿੰਡ ਸੀਲ ਦੇ ਵਾਸੀ ਤੇ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਦੁੱਖ ਸਾਂਝਾ ਕੀਤਾ। ਕੈਪਟਨ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਵੀਡੀਓ ਕਾਲ ਰਾਹੀਂ ਮੁੱਖ ਮੰਤਰੀ ਨੇ ਸ਼ਹੀਦ ਦੀ ਮਾਤਾ ਸ਼ਕੁੰਤਲਾ ਕੌਰ ਨਾਲ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਂਟ ਹਿੰਦੋਸਤਾਨ ਦੀ ਮੰਨੀ ਹੋਈ ਪਲਟਨ ਹੈ ਅਤੇ ਅਜਿਹੀ ਪਲਟਨ ’ਚ ਮਨਦੀਪ ਸਿੰਘ ਦਾ ਨਾਇਬ ਸੂਬੇਦਾਰ ਦੇ ਅਹੁਦੇ ਤੱਕ ਪੁੱਜਣਾ ਵੱਡੀ ਗੱਲ ਸੀ। ਕੈਪਟਨ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਫ਼ਖਰ ਹੈ ਕਿ ਮਨਦੀਪ ਸਿੰਘ ਨੇ ਆਪਣੇ ਦੇਸ਼ ਲਈ ਸ਼ਹੀਦੀ ਦਿੱਤੀ ਹੈ।
ਇਸ ਦੇ ਨਾਲ ਹੀ ਵੀਡੀਓ ਕਾਲ ਰਾਹੀਂ ਸ਼ਹੀਦ ਦੀ ਪਤਨੀ ਵੱਲੋਂ ਆਪਣੀ ਯੋਗਤਾ (ਐਮ.ਏ. ਇਤਿਹਾਸ) ਦੱਸਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀ ਜ਼ਰੂਰ ਦੇਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਹੋਰ ਮੁਸ਼ਕਿਲ ਹੋਵੇ ਤਾਂ ਉਸ ਲਈ ਵੀ ਸਰਕਾਰ ਉਨ੍ਹਾਂ ਨਾਲ ਹਰ ਪੱਖੋਂ ਸਹਿਯੋਗ ਕਰੇਗੀ।