ਚੰਡੀਗੜ੍ਹ : ਪੰਜਾਬ ਦੇ ਕੁਝ ਖੇਤਰ ਅਜਿਹੇ ਹਨ, ਜਿਨ੍ਹਾਂ ਨੂੰ ਕੈਂਸਰ ਪ੍ਰਭਾਵਿਤ ਇਲਾਕਾ ਮੰਨਿਆਂ ਜਾਂਦਾ ਹੈ। ਕੈਂਸਰ ਦਾ ਇਲਾਜ ਕਰਵਾਉਣ ਲਈ ਪੰਜਾਬ 'ਚ ਵੱਡੇ-ਵੱਡੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਮਾਲਵਾ ਖੇਤਰ ਨੂੰ ਤਾਂ, ਪੰਜਾਬ ਦਾ 'ਕੈਂਸਰ ਬੈਲਟ' ਵੀ ਕਿਹਾ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਪੰਜਾਬ ਵਿਚ ਕੈਂਸਰ ਮਰੀਜ਼ਾਂ ਦੀ ਵੱਡੇ ਪੱਧਰ ਉੱਤੇ ਲਗਾਤਾਰ ਲੁੱਟ ਹੋ ਰਹੀ ਹੈ। ਕੈਂਸਰ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਨਾਂਅ ਉਤੇ ਕੈਂਸਰ ਮਰੀਜ਼ਾਂ ਦੀ "ਛਿੱਲ" ਲਾਹੀ ਜਾ ਰਹੀ ਹੈ ਅਤੇ ਹਜ਼ਾਰਾਂ ਅਤੇ ਲੱਖਾਂ ਦੇ ਬਿੱਲ ਬਣਾ ਕੇ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਖੁਲਾਸੇ ਕਰਦਿਆਂ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਕਈ ਗੁਣਾਂ ਵੱਧ ਕਰਕੇ ਵੇਚੀਆਂ ਜਾ ਰਹੀਆਂ ਹਨ ਜਿਸ ਪਿੱਛੇ ਵੱਡੇ ਅਫ਼ਸਰਾਂ ਤੋਂ ਲੈ ਕੇ ਮੰਤਰੀ ਵੀ ਸ਼ਾਮਲ ਹਨ। ਉਨ੍ਹਾਂ ਨੇ ਆਪ ਸਰਕਾਰ ਤੋਂ ਉਮੀਦ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ, ਤਾਂ ਜੋ ਆਪ ਸਰਕਾਰ ਬਦਲਾਅ ਦੀ ਗੱਲ ਕਰ ਰਹੀ ਹੈ, ਉਸ ਉੱਤੇ ਮੋਹਰ ਲੱਗ ਸਕੇ।
ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ। ਇਸ ਮਾਮਲੇ ਸਬੰਧੀ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਵੀ ਲਿਖਿਆ ਗਿਆ ਕਿ ਪੰਜਾਬ ਵਿਚ ਕੈਂਸਰ ਮਰੀਜ਼ਾਂ ਨੂੰ ਲੱਗਣ ਵਾਲਾ 700 ਦਾ ਟੀਕਾ 17000 ਵਿਚ ਲਗਾਇਆ ਜਾ ਰਿਹਾ ਹੈ ਅਤੇ 40 ਰੁਪਏ ਵਿਚ ਮਿਲਣ ਵਾਲੀ ਗੋਲੀ 4000 ਰੁਪਏ ਦੀ ਦਿੱਤੀ ਜਾ ਰਹੀ ਹੈ। ਪਰ, ਉਨ੍ਹਾਂ ਕਿਹਾ ਸਿਰਫ਼ ਪੱਤਰ ਲਿਖਣ ਨਾਲ ਹੱਲ ਹੋਣ ਵਾਲਾ ਨਹੀਂ ਹੈ।
ਕੈਂਸਰ ਦਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ : ਕੈਂਸਰ ਮਾਹਿਰਾਂ ਦੀ ਮੰਨੀਏ, ਤਾਂ ਕੈਂਸਰ ਦਾ ਇਲਾਜ ਪੰਜਾਬ ਵਿਚ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਰਿਹਾ ਹੈ। ਹੁਣ ਸਿਹਤ ਮੰਤਰੀ ਵੱਲੋਂ ਮੁੱਦਾ ਚੁੱਕਿਆ ਗਿਆ। ਇਸ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਪ੍ਰੀ ਸੈਸ਼ਨ ਮੀਟਿੰਗ ਕੀਤੀ ਸੀ ਜਿਸ ਵਿੱਚ ਕੈਂਸਰ ਨਾਲ ਸਬੰਧਿਤ ਮੈਡੀਕਲ ਇਕਾਈਆਂ ਵੱਲੋਂ ਹਿੱਸਾ ਲਿਆ ਗਿਆ। ਸਵਾਲ ਇਹ ਹੈ ਕਿ ਕੇਂਦਰੀ ਮੰਤਰੀ ਨੂੰ ਚਿੱਠੀ ਲਿਖਣ ਨਾਲ ਕੀ ਇਹ ਮਸਲਾ ਹੱਲ ਹੋ ਜਾਵੇਗਾ ? ਤੱਥ ਤਾਂ ਇਹ ਵੀ ਸਾਹਮਣੇ ਆਏ ਕਿ ਸਿਰਫ਼ ਕੈਂਸਰ ਦੀਆਂ ਦਵਾਈਆਂ ਹੀ ਨਹੀਂ, ਬਲਕਿ ਹੋਰ ਕਈ ਬਿਮਾਰੀਆਂ ਦਾ ਇਲਾਜ ਮਹਿੰਗਾ ਹੈ। ਇਨ੍ਹਾਂ ਦਵਾਈਆਂ ਉੱਤੇ ਐਮਆਰਪੀ ਤੋਂ ਜ਼ਿਆਦਾ ਰੇਟ ਵਸੂਲਿਆ ਜਾ ਰਿਹਾ ਹੈ। ਇਸ ਨਾਲ ਮਰੀਜ਼ ਵਿਚਾਰਾ ਕਰਜ਼ਾ ਲੈ ਕੇ ਇਲਾਜ ਕਰਵਾਉਣ ਲਈ ਮਜ਼ਬੂਰ ਹੋਇਆ ਹੈ।
ਪੰਜਾਬ ਵਿਚ ਕੈਂਸਰ ਦੀ ਸਮੱਸਿਆ ਕਿੰਨੀ :ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 7 ਸਾਲਾਂ ਵਿਚ ਪੰਜਾਬ ਅੰਦਰ ਢਾਈ ਲੱਖ ਤੋਂ ਜ਼ਿਆਦਾ ਮਰੀਜ਼ ਕੈਂਸਰ ਦੀ ਬਿਮਾਰੀ ਤੋਂ ਪੀੜਤ ਰਿਕਾਰਡ ਕੀਤੇ ਗਏ ਅਤੇ 1 ਲੱਖ 45 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ। ਸਾਲਾਨਾ 20 ਹਜ਼ਾਰ ਮਰੀਜ਼ਾਂ ਦੀ ਮੌਤ ਪੰਜਾਬ ਵਿਚ ਹੋ ਰਹੀ ਹੈ। ਕੈਂਸਰ ਦੇ ਮਰੀਜ਼ਾਂ ਨੂੰ ਲੱਖਾਂ ਰੁਪਏ ਆਪਣੇ ਇਲਾਜ ਉੱਤੇ ਖ਼ਰਚਣਾ ਪੈਂਦਾ ਹੈ।