ਚੰਡੀਗੜ੍ਹ: ਕੈਨੇਡਾ ਸਥਿਤ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁਭ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਭਾਰਤ ਦੇ ਕਈ ਦਿੱਗਜਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਇਸ ਕੰਸਰਟ ਦੇ ਮੁੱਖ ਸਪਾਂਸਰ ਅਤੇ ਇਲੈਕਟ੍ਰੋਨਿਕਸ ਬ੍ਰਾਂਡ ਬੋਟ ਨੇ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁਭ ਦੇ ਨਾਂ ਨਾਲ ਮਸ਼ਹੂਰ 26 ਸਾਲਾ ਪੰਜਾਬੀ ਗਾਇਕ 23 ਤੋਂ 25 ਸਤੰਬਰ ਤੱਕ ਮੁੰਬਈ ਦੇ ਕੋਰਡੇਲੀਆ ਕਰੂਜ਼ 'ਤੇ ਪਰਫਾਰਮ ਕਰਨ ਵਾਲੇ ਹਨ ਅਤੇ ਨਵੀਂ ਦਿੱਲੀ,ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ 'ਚ ਪ੍ਰਦਰਸ਼ਨ ਦੇ ਨਾਲ ਦੇਸ਼ ਭਰ ਦਾ ਦੌਰਾ ਵੀ ਕਰਨ ਵਾਲੇ ਹਨ। ਦੱਸ ਦੇਈਏ ਕਿ ਸ਼ੁਬਨੀਤ ਸਿੰਘ 'ਤੇ ਖਾਲਿਸਤਾਨੀ ਸਮਰਥਕ ਹੋਣ ਦਾ ਇਲਜ਼ਾਮ ਹੈ। (Punjabi Singer shubh)
ਬੋਟ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ: ਮੰਗਲਵਾਰ ਨੂੰ ਬੋਟ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਘੋਸ਼ਣਾ ਕੀਤੀ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਕਲਾਕਾਰ ਦੁਆਰਾ ਕੀਤੀਆਂ ਵਿਵਾਦਪੂਰਨ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ, ਕੈਨੇਡੀਅਨ ਗਾਇਕ ਦੇ ਭਾਰਤ ਦੌਰੇ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਵੇਗੀ। ਬੋਟ ਨੇ ਕਿਹਾ ਕਿ ਜਦੋਂ ਕਿ ਸ਼ਾਨਦਾਰ ਸੰਗੀਤ ਭਾਈਚਾਰੇ ਪ੍ਰਤੀ ਸਾਡੀ ਵਚਨਬੱਧਤਾ ਡੂੰਘੀ ਹੈ, ਅਸੀਂ ਸਭ ਤੋਂ ਪਹਿਲਾਂ ਇੱਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਲਈ ਜਦੋਂ ਸਾਨੂੰ ਇਸ ਸਾਲ ਦੇ ਸ਼ੁਰੂ ਵਿੱਚ ਕਲਾਕਾਰ ਸ਼ੁਭ ਦੁਆਰਾ ਕੀਤੀਆਂ ਟਿੱਪਣੀਆਂ ਬਾਰੇ ਪਤਾ ਲੱਗਿਆ ਤਾਂ ਅਸੀਂ ਦੌਰੇ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ।
ਬੋਟ ਇੱਕ ਭਾਰਤੀ ਕੰਪਨੀ, ਇਸ ਦੇ ਮਾਲਕ ਅਮਨ ਗੁਪਤਾ:BOAT (ਬੋਟ) ਇਹ ਇੱਕ ਭਾਰਤੀ ਕੰਪਨੀ ਹੈ ਅਤੇ ਇਸ ਕੰਪਨੀ ਦਾ ਮੁੱਖ ਦਫਤਰ ਦਿੱਲੀ ਵਿੱਚ ਸਥਿਤ ਹੈ। ਇਹ ਕੰਪਨੀ 2013 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਕੰਪਨੀ ਦੇ ਮਾਲਕ ਦਾ ਨਾਂ ਅਮਨ ਗੁਪਤਾ ਹੈ। BoAt ਕੰਪਨੀ ਜਿਸਦਾ ਕਾਨੂੰਨੀ ਨਾਮ ਇਮੇਜੀਨ ਮਾਰਕੀਟਿੰਗ ਸਰਵਿਸਜ਼ ਪ੍ਰਾਈਵੇਟ ਲਿਮੀਟਡ (Imagine Marketing Services Private Limited) ਹੈ। ਇਸ ਕੰਪਨੀ ਵਲੋਂ ਪ੍ਰੋਗਰਾਮ ਤੋਂ ਆਪਣੀ ਸਮਾਂਸਰਸ਼ਿਪ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।
ਕੈਨੇਡੀਅਨ ਗਾਇਕ ਸ਼ੁਭ ਦਾ ਕਿਉਂ ਹੋ ਰਿਹਾ ਹੈ ਵਿਰੋਧ?: ਬੀਜੇਵਾਈਐਮ ਦੇ ਮੈਂਬਰਾਂ ਨੇ ਹਾਲ ਹੀ ਵਿੱਚ ਸ਼ੁਭ ਦੇ ਪੋਸਟਰਾਂ ਨੂੰ ਪਾੜ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਗਾਇਕ ਸ਼ੁਭ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਦਾ ਹੈ। ਸ਼ੁਭ ਦੀ ਸੋਸ਼ਲ ਮੀਡੀਆ ਪੋਸਟ ਜੋ ਕਿ ਪੰਜਾਬ, ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਭਾਰਤ ਦਾ ਵਿਗੜਿਆ ਨਕਸ਼ਾ ਦਿਖਾਉਂਦੀ ਹੈ, ਉਹ ਵੀ ਵਾਇਰਲ ਹੋ ਗਈ ਹੈ, ਜਿਸ ਨਾਲ ਲੋਕਾਂ ਨੂੰ ਹੋਰ ਵੀ ਗੁੱਸਾ ਆਇਆ ਹੈ।
ਵਿਰਾਟ ਕੋਹਲੀ ਸਮੇਤ ਕਈ ਕ੍ਰਿਕਟਰਾਂ ਨੇ ਸ਼ੁਭ ਨੂੰ ਵੀ ਕੀਤਾ ਅਨਫਾਲੋ?:ਸ਼ੁਭ ਨੂੰ "ਐਲੀਵੇਟਿਡ," "ਓਜੀ," ਅਤੇ "ਚੀਕਸ" ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ ਭਾਰਤ 'ਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵੀ ਕਈ ਥਾਵਾਂ 'ਤੇ ਪਸੰਦ ਕੀਤਾ ਜਾਂਦਾ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਵੀ ਸ਼ੁਭ ਦੇ ਇਕ ਗੀਤ 'ਤੇ ਡਾਂਸ ਕਰਦੇ ਨਜ਼ਰ ਆਏ ਸਨ ਪਰ, ਬਾਅਦ ਵਿੱਚ ਜਦੋਂ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਜਦੋਂ ਵਿਰਾਟ ਕੋਹਲੀ ਨੂੰ ਸ਼ੁਭ ਦੀ ਅਸਲੀਅਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸਨੂੰ ਅਨਫਾਲੋ ਕਰ ਦਿੱਤਾ। ਖਬਰਾਂ ਅਨੁਸਾਰ ਕ੍ਰਿਕਟਰ ਕੇਐਲ ਰਾਹੁਲ ਅਤੇ ਹਾਰਦਿਕ ਪੰਡਯਾ ਨੇ ਵੀ ਸ਼ੁਭ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੀ ਕ੍ਰਿਕਟਰਾਂ ਨੇ ਖਾਲਿਸਤਾਨ ਵਿਵਾਦ ਤੋਂ ਬਾਅਦ ਹੀ ਸ਼ੁਭ ਨੂੰ ਅਨਫਾਲੋ ਕੀਤਾ ਹੈ ਜਾਂ ਨਹੀਂ?