ਚੰਡੀਗੜ੍ਹ:ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੇ ਉਸ ਬਿਆਨ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ। ਜਿਸ ਵਿੱਚ ਉਹਨਾਂ ਨੇ ਆਈਲੈਟਸ ਨੂੰ ਕਾਲਜਾਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦਾ ਇਰਾਦਾ ਜ਼ਾਹਿਰ ਕੀਤਾ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਰਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘੱਟ ਕਰਾਂਗੇ, ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਵਿਦੇਸ਼ਾਂ ਤੋਂ ਲੋਕ ਪੰਜਾਬ 'ਚ ਆਉਣਗੇ ਅਤੇ ਦੂਜੇ ਪਾਸੇ ਆਈਲੈਟਸ ਨੂੰ ਕਾਲਜਾਂ ਦੀ ਪੜਾਈ ਵਿਚ ਸ਼ਾਮਿਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਸਲੇ ਨੂੰ ਲੈ ਕੇ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਪੰਜਾਬ 'ਚ ਕਿਸੇ ਨੇ ਨਹੀਂ ਆਉਣਾ: ਕੁਲਦੀਪ ਧਾਲੀਵਾਲ ਅਤੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਤੋਂ ਪੰਜਾਬ ਜਿਹਨਾਂ ਨੂੰ ਲਿਆਉਣਾ ਚਾਹੁੰਦੀ ਹੈ। ਉਹ ਕਦੇ ਨਹੀਂ ਆਉਣਗੇ ਕਿਉਂਕਿ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਰਾਜਾ ਵੜਿੰਗ ਨੇ ਕਿਹਾ ਕਿ ਉਹ ਤਾਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦਾ ਧੰਨਵਾਦ ਕਰਦੇ ਹਨ ਕਿ ਸਾਡੇ ਪੰਜਾਬੀ ਬੱਚਿਆਂ ਨੂੰ ਉਹ ਮੁਲਕ ਸਾਂਭ ਰਹੇ ਹਨ। ਪੰਜਾਬ ਵਿੱਚ ਜਿਸ ਤਰ੍ਹਾਂ ਦੇ ਹਲਾਤ ਪੈਦਾ ਹੋ ਰਹੇ ਹਨ ਹਰ ਰੋਜ਼ ਮਾਰ-ਧਾੜ ਹੋ ਰਹੀ ਹੈ ਜਿਸ ਕਰਕੇ ਕੋਈ ਇੱਥੇ ਰਹਿਣਾ ਨਹੀਂ ਚਾਹੁੰਦਾ। ਮਨ ਬਹੁਤ ਦੁਖੀ ਹੁੰਦਾ ਹੈ ਕਿ ਹਰ ਰੋਜ਼ ਜਹਾਜ਼ ਭਰ ਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਸਾਡੇ ਨੌਜਵਾਨਾਂ ਨੂੰ ਉਹਨਾਂ ਦੇਸ਼ਾਂ ਵੱਲੋਂ ਸਾਂਭਿਆ ਜਾ ਰਿਹਾ ਹੈ।
ਹੁਣ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਹੋਵੇਗੀ ਆਈਲੈਟਸ ! ਰਾਜਾ ਵੜਿੰਗ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਈਲੈਟਸ ਨੂੰ ਸੂਬੇ ਦੇ ਕਾਲਜਾਂ ਅਤੇ ਯੂਨੀਵਰਿਸਟੀਆਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਵੱਲ ਇਸ਼ਾਰਾ ਕੀਤਾ ਹੈ। ਕੁਲਦੀਪ ਧਾਲੀਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ ਅਤੇ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਉੱਤੇ ਤਲਖ਼ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਇੱਥੇ ਨੌਜਵਾਨਾਂ ਦਾ ਮਾੜਾ ਹਾਲ ਹੁੰਦਾ :ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਓਹੀ ਨੌਜਵਾਨ ਇੱਥੇ ਹੁੰਦੇ ਤਾਂ ਉਹ ਗੋਲੀਆਂ, ਕਤਲ ਅਤੇ ਮਾਰ ਧਾੜ ਦਾ ਸ਼ਿਕਾਰ ਹੋਏ ਹੁੰਦੇ। ਨਸ਼ਿਆਂ ਦੇ ਜਾਲ ਵਿੱਚ ਫਸੇ ਹੁੰਦੇ। ਲੋਕਾਂ ਨੂੰ ਬਦਲਾਅ ਦੇ ਸੁਪਨੇ ਵਿਖਾ ਅਤੇ ਰਿਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਨਵੇਂ ਸੁਪਨੇ ਦੇਣ ਵਾਲੀ ਪਾਰਟੀ ਹੁਣ ਓਹੀ ਪੁਰਾਣੇ ਕੰਮ ਕਰ ਰਹੀ ਹੈ। ਗੱਲ ਉਹ ਕਰਨੀ ਚਾਹੀਦੀ ਹੈ ਜੋ ਪੂਰੀ ਹੋ ਸਕੇ ਅਤੇ ਜਿਹੜੀ ਗੱਲ ਪੂਰੀ ਨਾ ਹੋ ਸਕੇ ਉਸ ਦੇ ਸੁਪਨੇ ਲੋਕਾਂ ਨੂੰ ਨਹੀਂ ਵਿਖਾਉਣੇ ਚਾਹੀਦੇ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਾਰੇ ਵਾਅਦੇ ਪੂਰੇ ਨਾ ਹੋਏ ਤਾਂ ਲੋਕਾਂ ਨੂੰ ਜਵਾਬ ਦੇਣਾ ਪੈਣਾ। ਲੋਕ ਘੇਰ ਕੇ ਪੁੱਛਣਗੇ ਕਿ ਵਾਅਦਿਆਂ ਦਾ ਕੀ ਹੋਇਆ। ਚਾਹੇ ਘੱਟ ਬੋਲੋ ਪਰ ਜਾਇਜ਼ ਬੋਲੋ। ਹਰ ਗੱਲ ਸੋਸ਼ਲ ਮੀਡੀਆ 'ਤੇ ਆਉਣ ਲਈ ਨਹੀਂ ਕੀਤੀ ਜਾਂਦੀ।