ਚੰਡੀਗੜ੍ਹ:ਨੀਦਰਲੈਂਡ ਆਧਾਰਤ ਫਰਮ ਨੇਕਸਸਨੋਵਸ ਦੇ ਮੈਨੇਜਿੰਗ ਡਾਇਰੈਕਟਰ ਰੁਟਜਰ ਡੀ ਬਰੂਜਿਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕਰ ਕੇ ਸੂਬੇ ਵਿੱਚ ਰਹਿੰਦ-ਖੂੰਹਦ, ਪਾਣੀ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਲੋੜਾਂ ਲਈ ਢੁਕਵੇਂ ਅਤੇ ਸਥਾਈ ਹੱਲ ਬਾਰੇ ਚਰਚਾ ਕੀਤੀ। ਪੇਡਾ ਕੰਪਲੈਕਸ ਵਿਖੇ ਡੱਚ ਫਰਮ ਦੇ ਐਮ.ਡੀ. ਦਾ ਸਵਾਗਤ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੀਆਂਂ ਪੀੜ੍ਹੀਆਂ ਦਾ ਉੱਜਵਲ ਭਵਿੱਖ ਸਿਰਜਣ ਲਈ ਵਚਨਬੱਧ ਹੈ।
ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪ੍ਰਾਜੈਕਟ ਜ਼ਿਲ੍ਹਾ ਸੰਗਰੂਰ ਵਿੱਚ :ਵਿਦੇਸ਼ੀ ਕੰਪਨੀ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਮੁੱਖ ਤੌਰ 'ਤੇ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰ ਸਾਲ 20 ਮਿਲੀਅਨ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ। ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਆਧਾਰਤ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ) ਪ੍ਰਾਜੈਕਟਾਂ ਦੀਆਂ ਸੰਭਾਵਨਾਵਾਂ ਹਨ। ਝੋਨੇ ਦੀ ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਆਧਾਰਤ ਕੁੱਲ 33.23 ਟਨ ਸੀ.ਬੀ.ਜੀ. ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਪ੍ਰਾਜੈਕਟ ਸੰਗਰੂਰ ਵਿਖੇ ਚਲ ਰਿਹਾ ਹੈ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ 42 ਹੋਰ ਸੀਬੀਜੀ ਪਲਾਂਟ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 52.25 ਟਨ ਦੀ ਸਮਰੱਥਾ ਵਾਲੇ ਚਾਰ ਹੋਰ ਪ੍ਰਾਜੈਕਟ ਅਗਲੇ 4-5 ਮਹੀਨਿਆਂ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ, ਇਸ ਸਬੰਧੀ ਗੱਲਬਾਤ ਚੱਲ ਰਹੀ ਹੈ।