ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਦੁਪਹਿਰ 3 ਵਜੇ ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਦੌਰਾਨ ਕੈਬਿਨੇਟ ਮੰਤਰੀਆਂ ਤੇ ਮੁੱਖ ਸਕੱਤਰ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋ ਸਕਦਾ ਹੈ।
ਦੱਸ ਦਈਏ, ਕੈਬਿਨੇਟ ਮੀਟਿੰਗ ਦਾ ਏਜੰਡਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਤੋਂ ਸਾਫ਼ ਹੋ ਰਿਹਾ ਹੈ ਕਿ ਕਰਨ ਅਵਤਾਰ ਸਿੰਘ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉੱਥੇ ਹੀ ਕੈਬਿਨੇਟ ਮੰਤਰੀਆਂ ਨੇ ਵੀ ਪੁਰਾਣੇ ਕਰਾਰਾਂ ਤੋਂ ਹੱਥ ਪਿਛਾਂਹ ਖਿੱਚ ਲਏ ਹਨ।
ਜਾਣਕਾਰੀ ਮੁਤਾਬਿਕ ਲੰਮੇਂ ਵਕਫ਼ੇ ਤੋਂ ਬਾਅਦ ਮੁੱਖ ਮੰਤਰੀ ਤੇ ਵਜ਼ੀਰ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ 'ਤੇ ਕੈਬਿਨੇਟ ਦੀ ਮੀਟਿੰਗ ਵਿੱਚ ਇੱਕ ਹੀ ਟੇਬਲ 'ਤੇ ਬੈਠਣਗੇ। ਪਿਛਲੇ ਕਾਫ਼ੀ ਸਮੇਂ ਤੋਂ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਰਹੇ ਸਨ।
ਸੂਤਰਾਂ ਅਨੁਸਾਰ ਲੰਘੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਚ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁੱਖ ਸਕੱਤਰ ਦੀ ਗੱਲ ਨਿਬੇੜ ਲਈ ਹੈ। ਅੰਦਰੋ-ਅੰਦਰੀ ਵਿਵਾਦ ਸੁਲਝਾਉਣ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਕੈਬਿਨੇਟ ਦੀ ਮੀਟਿੰਗ ਬੁਲਾਈ ਹੈ।