ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਿੱਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ। ਇਸ ਵਿੱਚ ਕਈ ਅਹਿਮ ਫੈਸਲਿਆਂ ਉੱਤੇ ਮੋਹਰ ਲਾਈ ਗਈ ਹੈ। ਕੈਬਨਿਟ ਨੇ ਸੂਬੇ ਦੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਐੱਮ ਮਾਨ ਬਕਾਇਦਾ ਟਵੀਚ ਕਰਕੇ ਇਸਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਕਾਰੋਬਾਰੀਆਂ ਨਾਲ ਸਲਾਹ ਕਰਕੇ ਬਣਾਈ ਗਈ ਹੈ ਤੇ ਉਹਨਾਂ ਦੇ ਸੁਝਾਅ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਮਨਜ਼ੂਰ ਕੀਤੇ ਹਨ।
ਯਾਦ ਰਹੇ ਕਿ ਮੀਟਿੰਗ ਤੋਂ ਪਹਿਲਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ ਤਾਰੀਕਾਂ ਅਤੇ ਓਲਡ ਪੈਂਸ਼ਨ ਸਕੀਮ ਉੱਤੇ ਚਰਚਾ ਹੋਣ ਦੇ ਵੀ ਅੰਦਾਜੇ ਲਾਏ ਜਾ ਰਹੇ ਸਨ। 23-24 ਫਰਵਰੀ ਨੂੰ ਨਿਵੇਸ਼ ਨੂੰ ਲੈ ਕੇ ਹੋ ਰਹੇ ਸਮੇਲਨ ਉੱਤੇ ਵੀ ਚਰਚਾ ਦੇ ਆਸਾਰ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਲ੍ਹਾ ਮੁਖੀਆਂ ਨਾਲ ਵੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬੈਠਕ ਹੋਵੇਗੀ ਅਤੇ ਕਾਨੂੰਨ ਪ੍ਰਬੰਧ ਉੱਤੇ ਚਰਚਾ ਹੋ ਸਕਦੀ ਹੈ। ਲੰਘੇ ਬੁੱਧਵਾਰ ਨੂੰ ਵੱਡੇ ਉਦਯੋਗਪਤੀਆਂ ਨਾਲ ਵੀ ਮੀਟਿੰਗ ਕੀਤੀ ਗਈ ਸੀ। ਇਸ ਨਾਲ ਇਹ ਵੀ ਅੰਦਾਜ਼ੇ ਲੱਗ ਰਹੇ ਹਨ ਕਿ ਨਵੀਂ ਇਡੰਸਟਰੀ ਪਾਲਿਸੀ ਵੀ ਮੀਟਿੰਗ ਵਿੱਚ ਰੱਖੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਇਸ ਸਾਲ ਦੀ ਦੂਜੀ ਕੈਬਨਿਟ ਮੀਟਿੰਗ ਹੈ।