ਚੰਡੀਗੜ੍ਹ :ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ ਗਿਆ ਸੀ। ਅੱਜ ਸਰਕਾਰ ਵੱਲੋਂ ਪੇਸ਼ ਕੀਤੇ ਇਸ ਬਜਟ ਉੱਤੇ ਚਰਚਾ ਹੋ ਰਹੀ ਹੈ। ਆਪਣੇ ਢਾਈ ਘੰਟੇ ਦੇ ਲੰਮੇ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਬਜਟ ਵਿਚ ਹਰ ਖੇਤਰ ਨੂੰ ਦਿੱਤੀ ਜਾਣ ਵਾਲੀ ਸੌਗਾਤ ਬਾਰੇ ਚਾਨਣਾ ਪਾਇਆ। ਇਸ ਬਜਟ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਲਾਘਾ ਕੀਤੀ ਤੇ ਹਰਪਾਲ ਚੀਮਾ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਬਜਟ ਵਿਚ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਹੈ। ਆਮ ਲੋਕਾਂ ਦਾ ਬਜਟ ਪੰਜਾਬ ਦੀ ਤਕਦੀਰ ਬਦਲੇਗਾ।
ਪ੍ਰਤਾਪ ਬਾਜਵਾ ਨੇ ਘੇਰੀ ਸਰਕਾਰ :ਵਿਧਾਨ ਸਭਾ ਪਹੁੰਚੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਆਪ ਦੀ ਲੀਡਰਸ਼ਿਪ ਨੇ ਵੱਡੇ ਪੱਧਰ ਉਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਮਾਈਨਿੰਗ ਕੀਤੀ ਗਈ ਹੈ। ਬਜਟ ਵਿਚ ਸਰਕਾਰ ਵੱਲੋਂ 19865 ਕਰੋੜ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਖਜ਼ਾਨਾ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਪੰਜਾਬ ਤੇ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ 750 ਕਰੋੜ ਦਾ ਬਜਟ ਕਟ ਕਰ ਕੇ ਤਿੰਨੋਂ ਯੂਨੀਵਰਸਿਟੀਜ਼ ਨੂੰ ਦੇਣਾ ਚਾਹੀਦਾ ਹੈ। ਝੂਠੀ ਵਾਹ-ਵਾਹ ਨਾਲ ਕੁੱਝ ਨਹੀਂ ਹੋਣਾ। ਪੰਜਾਬ ਦੀ ਕੁਲ ਇੰਡਸਟ੍ਰੀ ਨਾਖੁਸ਼ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਵਿਚੋਂ ਕੋਈ ਪੈਸਾ ਨਹੀਂ ਬੱਚ ਰਿਹਾ।
ਉਨ੍ਹਾਂ ਬਿਜਲੀ ਮੁੱਦੇ ਉਤੇ ਕਿਹਾ ਕਿ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਹਨੇਰੇ ਵਿਚ ਚਲਿਆ ਜਾਵੇਗਾ।ਹੋਰ ਵੀ ਕਈ ਮਸਲਿਆਂ ਉਤੇ ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹਿਨਿਆਂ ਬਾਅਦ ਹੀ ਲੋਕਾਂ ਨੇ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ ਤੇ ਹੁਣ ਜਲੰਧਰ ਜ਼ਿਮਣੀ ਚੋਣਾਂ ਵਿਚ ਵੀ ਲੋਕ ਇਨ੍ਹਾਂ ਸ਼ੀਸ਼ਾ ਦਿਖਾਉਣਗੇ। ਭਗਵੰਤ ਮਾਨ ਚੰਦ ਮਹਿਨਿਆਂ ਦਾ ਪ੍ਰਹੁਣਾ ਰਹਿ ਗਿਆ ਹੈ।
ਰਾਜਾ ਵੜਿੰਗ ਦੀ ਟਿੱਪਣੀ :ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 75000 ਕਰੋੜ ਰੁਪਏ ਦਾ ਕਰਜ਼ਾ ਆਪ ਸਰਕਾਰ ਲੈ ਰਹੀ ਹੈ ਤੇ ਜੇਕਰ ਇਹੀ ਹਾਲ ਰਿਹਾ ਤਾਂ ਇਹ ਟੀਚਾ ਦੋ ਸਾਲਾਂ ਵਿਚ ਹੀ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ 30,000 ਕਰੋੜ ਰੁਪਏ ਦਾ ਰੈਵੇਨਿਊ ਲੈ ਕੇ ਆਵਾਂਗੇ ਪਰ ਆਇਆ ਸਿਰਫ 150 ਕਰੋੜ ਦੇ ਕਰੀਬ ਹੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਬਜਟ ਲਈ 30,000 ਕਰੋੜ ਰੁਪਏ ਬਚਾ ਲਵਾਂਗੇ।
ਸਿੱਖਿਆ ਦੇ ਖੇਤਰ ਵਿਚ ਵੀ ਇਹ ਸਰਕਾਰ ਫੇਲ੍ਹ ਹੈ। ਕਿਸੇ ਵੀ ਸਰਕਾਰੀ ਸਕੂਲ ਦਾ ਨਿਰਮਾਣ ਸ਼ੁਰੂ ਨਹੀਂ ਹੋਇਆ। 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਗਈ ਸੀ, ਪਰ ਬਣਿਆ ਇਕ ਵੀ ਨਹੀਂ। ਬਜਟ ਵਿਚ ਵੀ 4 ਕਾਲਜ ਬਣਾਉਣ ਦੀ ਕਵਾਇਦ ਹੈ ਪਰ ਬਜਟ ਵਿਚ ਸਿਰਫ 2 ਮੈਡੀਕਲ ਕਾਲਜਾਂ ਲਈ ਹੀ ਪੈਸਾ ਰੱਖਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਵੀਸੀ ਨੇ ਵੀ ਟਵੀਟ ਉਤੇ ਭਗਵੰਤ ਮਾਨ ਨੂੰ ਟੈਗ ਕਰਦਿਆਂ ਕਿਹਾ ਕਿ ਮੈਂ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਰਲ਼ ਸਾਡੀ ਆਵਾਜ਼ ਬੁਲੰਦ ਕਰੋ। ਯੂਨੀਵਰਸਿਟੀ ਦੇ ਵੀਸੀ ਨੇ ਬਜਟ ਉਤੇ ਕਿਹਾ ਹੈ ਕਿ ਇਸ ਨਾਲ ਸਾਨੂੰ ਕੋਈ ਫਾਇਦਾ ਨਹੀਂ ਆਉਣ ਵਾਲੇ ਦਿਨਾਂ ਵਿਚ ਯੂਨੀਵਰਸਿਟੀ ਬੰਦ ਹੋ ਜਾਵੇਗੀ।
ਅੱਜ ਮੁੜ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਉਤੇ ਕਰੀਬ 7 ਘੰਟੇ ਲੰਮੀ ਚਰਚਾ ਹੋਵੇਗੀ। ਇਸ ਦੌਰਾਨ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ 91 ਵਿਧਾਇਕਾਂ ਨੂੰ 5 ਘੰਟੇ, ਕਾਂਗਰਸ ਦੇ 18 ਵਿਧਾਇਕਾਂ ਨੂੰ 1 ਘੰਟਾ 5 ਮਿੰਟ, ਜਦਕਿ ਭਾਜਪਾ ਦੇ 2 ਵਿਧਾਇਕਾਂ ਨੂੰ 5 ਮਿੰਟ ਦਾ ਸਮਾਂ ਮਿਲੇਗਾ।
ਵਿਰੋਧੀਆਂ ਵੱਲੋਂ ਟਿੱਪਣੀਆਂ :ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਵਿਚ ਪੇਸ਼ ਹੋਏ ਆਪ ਸਰਕਾਰ ਦੇ ਬਜਟ ਵਿਚ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਧੋਖਾ ਹੋਇਆ ਹੈ। ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਬਜਟ ਵਿੱਚ ਪੂਰਾ ਨਹੀਂ ਹੋਇਆ। 2 ਲੱਖ 81 ਹਜ਼ਾਰ ਕਾਂਗਰਸ ਨੇ ਪੰਜਾਬ 'ਤੇ ਕਰਜ਼ਾ ਛੱਡਿਆ ਸੀ। ਇੱਕ ਸਾਲ ਵਿੱਚ ਪੰਜਾਬ ਸਰਕਾਰ 31 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ, ਹੁਣ 35 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਵੇਗਾ। ਬਜਟ ਦੇ ਨਾਂ 'ਤੇ ਜਨਤਾ ਨਾਲ ਧੋਖਾ ਕੀਤਾ ਗਿਆ ਹੈ।