ਚੰਡੀਗੜ੍ਹ :ਜ਼ਿਲ੍ਹਾ ਗੁਰਦਾਸਪੁਰ ਵਿੱਚ ਬੀਐੱਸਐੱਫ ਨੇ ਡਰੋਨ ਰਾਹੀਂ ਸਪਲਾਈ ਹੋਣ ਵਾਲੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਬੀਐਸਐਫ ਨੇ ਰਾਤ ਵੇਲੇ ਸ਼ਨੀਵਾਰ ਨੂੰ ਘਣੀ ਕੇ ਬਾਂਗਰ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਫਾਇਰਿੰਗ ਕਰਕੇ ਸੁੱਟਿਆ ਅਤੇ ਜਦੋਂ ਸਵੇਰੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ ਤਾਂ ਬੀਐੱਸਐੱਫ ਨੂੰ ਪੁਲਿਸ ਦੀ ਮਦਦ ਨਾਲ ਹੈਰੋਇਨ ਬਰਾਮਦ ਹੋਈ ਹੈ।
ਡਰੋਨ ਰਾਹੀਂ ਹੋਣੀ ਸੀ ਸਪਲਾਈ:ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਹੈਰੋਇਨ ਦੇ ਚਾਰ ਪੈਕਟ ਮਿਲੇ ਹਨ। ਉਨ੍ਹਾਂ ਕਿਹਾ ਕਿ ਜਿਸ ਡਰੋਨ ਰਾਹੀਂ ਇਹ ਨਸ਼ਾ ਸਪਲਾਈ ਹੋਣਾ ਸੀ ਉਸ ਨਾਲ 9 ਕਿਲੋ ਹੈਰੋਇਨ ਕਿਸੇ ਵੀ 15 ਕਿਲੋਮੀਟਰ ਦੇ ਇਲਾਕੇ ਵਿੱਚ ਭੇਜੀ ਜਾ ਸਕਦੀ ਹੈ। ਹਾਲਾਂਕਿ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਦੀਆਂ ਬਾਰਡਰ ਪਾਰ ਤੋਂ ਗਤੀਵਿਧੀਆਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪਹਿਲਾਂ ਵੀ ਕਈ ਡਰੋਨ ਬੀਐਸਐੱਫ ਅਤੇ ਪੁਲਿਸ ਨੇ ਨਸ਼ਟ ਕੀਤੇ ਹਨ।
ਇਹ ਵੀ ਪੜ੍ਹੋ:Police Checking in Pathankot: ਆਪਰੇਸ਼ਨ ਸੀਜ਼ ਤਹਿਤ ਪੁਲਿਸ ਵੱਲੋਂ ਨਾਕਾਬੰਦੀ, ਹਰ ਵਾਹਨ ਦੀ ਬਰੀਕੀ ਨਾਲ ਜਾਂਚ
ਬੀਤੇ ਕੱਲ੍ਹ ਵੀ ਬਰਾਮਦ ਹੋਇਆ ਸੀ ਨਸ਼ਾ: ਲੰਘੇ ਦਿਨੀਂ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਸਵੇਰੇ ਸਾਢੇ ਪੰਜ ਵਜੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਥੇ ਕੰਡਿਆਲੀ ਤਾਰ ਰਾਹੀਂ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੀਐਸਐਫ ਨੇ ਫਾਇਰਿੰਗ ਕੀਤੀ ਤਾਂ ਦੂਜੇ ਪਾਸਿਓਂ ਵੀ ਫਾਇਰਿੰਗ ਹੋਈ ਸੀ।
ਹਾਲਾਂਕਿ ਬਾਰਡਰ ਲਾਗੇ ਧੁੰਦ ਕਾਰਨ ਇਹ ਤਸਕਰ ਫਰਾਰ ਹੋ ਗਈ ਪਰ ਜਾਂਚ ਦੌਰਾਨ ਬੀਐਸਐਫ ਨੂੰ ਇਕ ਪਾਇਪ ਬਰਾਮਦ ਹੋਇਆ ਜਿਸ ਵਿਚ ਹੈਰੋਇਨ ਦੇ 20 ਪੈਕਟ, 2 ਪਿਤਸੌਲ ਅਤੇ ਅਣਚੱਲੇ ਕਾਰਤੂਸ ਸਨ। ਹਾਲਾਂਕਿ ਬੀਐਸਐੱਫ ਨੇ ਇਹ ਵੀ ਐਲਾਨ ਕੀਤਾ ਸੀ ਜਿਹੜੇ ਜਵਾਨਾਂ ਨੇ ਇਹ ਖੇਪ ਬਰਾਮਦ ਕੀਤੀ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਵੀ ਯਾਦ ਰਹੇ ਕਿ ਜਿਸ ਥਾਂ ਤੋਂ ਇਹ ਨਸ਼ਾ ਅਤੇ ਹਥਿਆਰ ਬਰਾਮਦ ਹੋਏ ਹਨ ਇਸ ਤੋਂ ਲਾਗੇ ਹੀ ਪਾਕਿਸਤਾਨ ਦੀ ਚੈਕ ਪੋਸਟ ਖੋਖਰ ਵੀ ਹੈ। ਬੀਐੱਸਐਫ ਦਾ ਮੰਨਣਾ ਹੈ ਕਿ ਇਥੋਂ ਹੀ ਕਈ ਵਾਰ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਪਾਕਿਸਤਾਨ ਦੇ ਮਨਸੂਬੇ ਸਫਲ ਨਹੀਂ ਦਿੱਤੇ ਜਾਣਗੇ।