ਚੰਡੀਗੜ੍ਹ: ਸੈਕਟਰ-15 ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਯੂਨਾਈਟਿਡ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ 1920 ਦੇ ਆਗੂਆਂ ਦੀ ਮੀਟਿੰਗ ਹੋਈ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪਾਰਟੀਆਂ ਦੇ ਗਠਜੋੜ ਬਾਰੇ ਚਰਚਾ ਹੋਈ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਸਾਰੇ ਹਮ-ਖਿਆਲੀਆਂ ਨੂੰ ਇਕੱਠਾ ਕਰਨਗੇ ਅਤੇ ਇੱਕ ਪ੍ਰਧਾਨ, ਇੱਕ ਝੰਡਾ, ਇੱਕ ਪਾਰਟੀ ਦੇ ਨਾਅਰੇ ਹੇਠ ਸੂਬੇ ਭਰ ਵਿੱਚ ਚੋਣਾਂ ਲੜਣਗੇ।
ਈਟੀਵੀ ਭਾਰਤ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬ੍ਰਹਮਪੁਰਾ ਨੇ ਸੰਨ 1989 ਦੀਆਂ ਚੋਣਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਸ ਵੇਲੇ ਵੀ 13 ਸੀਟਾਂ ਜਿੱਤੀਆਂ ਸਨ। ਉਹ ਹੁਣ ਵੀ ਆਮ ਆਦਮੀ ਪਾਰਟੀ, ਬੀ.ਐੱਸ.ਪੀ. ਸਣੇ ਸਾਰੇ ਹਮਖਿਆਲੀਆਂ ਨਾਲ ਮਿਲ ਕੇ 2022 ਦੀਆਂ ਚੋਣਾਂ ਲੜਣਗੇ। ਉਨ੍ਹਾਂ ਕਿਹਾ ਕਿ ਹਮਖਿਅਆਲੀ ਸਰਬ-ਪਾਰਟੀ ਗਠਜੋੜ ਨੂੰ ਲੈ ਸੁਖਪਾਲ ਸਿੰਘ ਖਹਿਰਾ ਸਣੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।
ਇੰਨਾ ਹੀ ਨਹੀਂ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਤੀਜੀ ਧਿਰ ਬਣਾਉਣ ਦੇ ਲਈ ਉਤਾਵਲੇ ਹਨ। ਪਰ ਉਨ੍ਹਾਂ ਇਹ ਵੀ ਕਿਹਾ ਕਿ ਹਮਖਿਆਲੀ ਪਾਰਟੀਆਂ ਦੇ ਗਠਜੋੜ ਤੋਂ ਬਿਨਾਂ ਅਕਾਲੀ ਦਲ ਬਾਦਲ-ਬੀਜੇਪੀ ਅਤੇ ਕਾਂਗਰਸ ਦਾ ਪੰਜਾਬ ਵਿੱਚ ਸਫ਼ਾਇਆ ਕਰਨਾ ਔਖਾ ਹੈ।
ਅੰਤ ਵਿੱਚ ਉਨ੍ਹਾਂ ਨੇ ਗਠਜੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਗਠਜੋੜ ਬਣਾਉਣਗੇ ਅਤੇ ਚੋਣਾਂ ਲੜਣਗੇ। ਇਸ ਦੇ ਲਈ ਉਨ੍ਹਾਂ ਕਿਹਾ ਕਿ ਜੇ ਸੁਖਦੇਵ ਸਿੰਘ ਢੀਂਡਸਾ ਵੀ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਵੀ ਸਵਾਗਤ ਹੈ।