ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਵਾਧੂ ਫੰਡ ਜਾਰੀ ਕੀਤੇ ਜਾਣ ਦਾ ਪ੍ਰਗਟਾਵਾ ਕੀਤਾ ਹੈ। ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਅੰਮ੍ਰਿਤਸਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਰੀਵਿਊ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਸਹਿਰ ਦੇ ਵਿਕਾਸ ਪ੍ਰਤੀ ਅਹਿਮ ਫ਼ੈਸਲੇ ਲਏ।
ਇਸ ਮੀਟਿੰਗ ਵਿੱਚ ਮੈਡੀਕਲ ਸਿੱਖਿਆ ਮੰਤਰੀ ਓ.ਪੀ ਸੋਨੀ ਸਮੇਤ ਅੰਮ੍ਰਿਤਸਰ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਮੌਜੂਦ ਸਨ। ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਪਾਵਨ ਸ਼ਹਿਰ ਦੇ ਲੰਬਿਤ ਪਏ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਹੋਰ ਫੰਡ ਜਾਰੀ ਕਰਨ ਸਬੰਧੀ ਮੰਗ ਰੱਖੇ ਜਾਣ 'ਤੇ ਬ੍ਰਹਮ ਮਹਿੰਦਰਾ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਨਗਰ ਨਿਗਮ ਲਈ ਤੁਰੰਤ 50 ਕਰੋੜ ਰੁਪਏ ਜਾਰੀ ਕਰਨ ਲਈ ਨਿਰਦੇਸ਼ ਦਿੱਤੇ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸ਼ਹਿਰ ਦਾ ਵਿਕਾਸ ਕਰਨਾ ਪੰਜਾਬ ਸਰਕਾਰ ਦੇ ਏਜੰਡੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪੰਜਾਬ ਸਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਬਿਰਧ ਤੇ ਦਿਵਿਆਂਗ ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਪਾਰਕਿੰਗ ਏਰੀਏ ਤੋਂ ਲੈ ਕੇ ਸਰਾਂ ਤੱਕ ਐਸਕਲੇਟਰ ਬਣਾਏਗੀ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਔਖਿਆਈ ਦੇ ਪਰਿਕਰਮਾ ਤੱਕ ਪੁੱਜ ਸਕਣ।