ਚੰਡੀਗੜ੍ਹ:ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹੜਕੰਪ ਮੱਚ ਗਿਆ। ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਜ਼ਿਲ੍ਹਾ ਅਦਾਲਤ ਵਿੱਚ ਕਰੀਬ 4 ਘੰਟੇ ਤੱਕ ਤਲਾਸ਼ੀ ਲਈ ਗਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਇੱਕ ਸ਼ੱਕੀ ਕੈਰੀ ਬੈਗ ਜਿਸ ਵਿੱਚ ਟਿਫ਼ਨ ਅਤੇ ਇੱਕ ਬੋਤਲ ਬਰਾਮਦ ਹੋਈ। ਇਸ ਦੀ ਜਾਂਚ ਲਈ ਚੰਡੀਮੰਦਰ ਤੋਂ ਫੌਜ ਦੀ ਟੀਮ ਬੁਲਾਈ ਗਈ ਸੀ। ਟੀਮ ਨੂੰ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਆਪਰੇਸ਼ਨ ਖਤਮ ਹੋ ਗਿਆ।
ਦੱਸ ਦੇਈਏ ਕਿ ਮੌਕੇ 'ਤੇ ਭਾਰੀ ਪੁਲਿਸ ਫੋਰਸ ਪਹੁੰਚ ਗਈ ਸੀ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਸੀ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪੁੱਜੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉਥੇ ਮੌਜੂਦ ਰਹੀਆਂ।ਸੈਕਟਰ-43 ਵਿੱਚ ਜਿਸ ਥਾਂ ’ਤੇ ਪੁਲਿਸ ਦਾ ਸਰਚ ਅਭਿਆਨ ਚੱਲਿਆ, ਉਸ ਤੋਂ ਥੋੜ੍ਹੀ ਦੂਰੀ ’ਤੇ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਹੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਗਈ।
'ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਮਿਲੀ ਸੀ ਸੂਚਨਾ':ਐਸਐਸਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਕਚਹਿਰੀ ਅਤੇ ਬੱਸ ਸਟੈਂਡ ਵਿੱਚ ਬੰਬ ਹੋ ਸਕਦਾ ਹੈ। ਇਸ ਸਬੰਧੀ 26 ਜਨਵਰੀ ਨੂੰ ਪੁਲਿਸ ਦੀ ਚੈਕਿੰਗ ਮੁਹਿੰਮ ਤਹਿਤ ਪੁਲੀਸ ਟੀਮਾਂ ਜ਼ਿਲ੍ਹਾ ਅਦਾਲਤ ਵਿੱਚ ਭੇਜੀਆਂ ਗਈਆਂ ਸਨ। ਇਸ ਵਿੱਚ ਆਪਰੇਸ਼ਨ ਸੈੱਲ ਅਤੇ ਬੰਬ ਖੋਜ ਟੀਮ ਵੀ ਸ਼ਾਮਲ ਸੀ। ਅਦਾਲਤ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਇਸ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਮਿਲਿਆ ਪਾਣੀ ਦੀ ਬੋਤਲ ਅਤੇ ਟਿਫ਼ਨ:ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਵਿੱਚ ਤਲਾਸ਼ੀ ਦੌਰਾਨ ਇੱਕ ਕੈਰੀ ਬੈਗ ਵਿੱਚੋਂ ਟਿਫ਼ਨ ਅਤੇ ਪਾਣੀ ਦੀ ਬੋਤਲ ਮਿਲੀ। ਇਸ ਦੀ ਬੰਬ ਖੋਜ ਟੀਮ ਵੱਲੋਂ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਤੋਂ ਬੰਬ ਨਿਰੋਧਕ ਟੀਮ ਵੀ ਚੈਕਿੰਗ ਲਈ ਇੱਥੇ ਪਹੁੰਚ ਗਈ ਸੀ। ਮੁੱਢਲੀ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹਾਲਾਂਕਿ ਇਸ ਨੂੰ ਯਕੀਨੀ ਬਣਾਉਣ ਲਈ ਚੰਡੀਮੰਦਰ ਤੋਂ ਬੰਬ ਨਿਰੋਧਕ ਟੀਮ ਬੁਲਾਈ ਗਈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਹਰਿਆਣਾ ਪੁਲਿਸ ਦੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਦੇ ਨਾਲ-ਨਾਲ ਹਾਈਕੋਰਟ ਅਤੇ ਬੱਸ ਸਟੈਂਡ ਵਿਖੇ ਵੀ ਜਾਂਚ ਕੀਤੀ ਜਾ ਰਹੀ ਹੈ।